ਵਪਾਰਕ ਗੱਲਬਾਤ ਦੌਰਾਨ ਵਿਵਾਦਤ ਟਾਪੂ ਤੋਂ ਲੰਘਿਆ ਅਮਰੀਕੀ ਜੰਗੀ ਬੇੜਾ , ਚੀਨ ਭੜਕਿਆ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਬੀਜਿੰਗ ਨੇ ਇਸ ਮੁੱਦੇ 'ਤੇ ਅਮਰੀਕਾ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਬੀਜਿੰਗ : ਵਪਾਰਕ ਤਣਾਅ ਨੂੰ ਘੱਟ ਕਰਨ ਲਈ ਬੀਜਿੰਗ ਵਿਚ ਚਲ ਰਹੀ ਉੱਚ ਪੱਧਰੀ ਗੱਲਬਾਤ ਦੌਰਾਨ ਅਮਰੀਕੀ ਨੇਵੀ ਦੇ ਜੰਗੀ ਬੇੜੇ ਦੇ ਵਿਵਾਦਤ ਦੱਖਣੀ ਚੀਨ ਸਾਗਰ ਵਿਚੋਂ ਲੰਘਣ 'ਤੇ ਚੀਨ ਭੜਕ ਗਿਆ ਹੈ। ਇਸ ਨੂੰ ਲੈ ਕੇ ਚੀਨ ਨੇ ਅਮਰੀਕਾ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ। ਚੀਨ ਨੇ ਕਿਹਾ ਕਿ ਅਮਰੀਕਾ ਨੂੰ ਇਸ ਤਰ੍ਹਾਂ ਦੇ ਭੜਕਾਊ ਕਦਮ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਕਾਰੋਬਾਰੀ ਵਿਵਾਦ 'ਤੇ ਕਾਮਯਾਬੀਪੂਰਨ ਗੱਲਬਾਤ ਕਰਨ ਲਈ ਮਾਹੌਲ ਸਿਰਜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਮਰੀਕਾ ਜੰਗੀ ਬੇੜਾ ਦੱਖਣੀ ਚੀਨ ਸਾਗਰ ਵਿਚ ਵਿਵਾਦਤ ਪਾਰਾਸੇਲ ਟਾਪੂ ਦੇ ਵਿਚੋਂ ਦੀ ਅਜਿਹੇ ਸਮੇਂ ਵਿਚ ਲੰਘਿਆ ਹੈ ਜਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਕਾਰੋਬਾਰੀ ਵਿਵਾਦ ਨੂੰ ਸੁਲਝਾਉਣ ਲਈ ਬੀਜਿੰਗ ਵਿਚ ਦੋ ਰੋਜ਼ਾ ਬੈਠਕ ਵਿਚ ਹਿੱਸਾ ਲੈ ਰਹੇ ਹਨ। ਦੁਨੀਆਂ ਦੀਆਂ ਦੋ ਸਿਖਰ ਅਰਥਵਿਵਸਥਾਵਾਂ ਨੇ ਇਕ ਦੂਜੇ ਦੇ ਉਤਪਾਦਾਂ 'ਤੇ 300 ਅਰਬ ਡਾਲਰ ਤੋਂ ਵੱਧ ਦੀ ਆਯਾਤ ਫੀਸ ਲਗਾਈ ਹੈ। ਪਾਰਾਸੇਲ ਟਾਪੂ ਦੇ ਵਿਚੋਂ ਦੀ ਅਮਰੀਕੀ ਜੰਗੀ ਬੇੜੇ ਦੇ ਲੰਘਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਬੀਜਿੰਗ ਨੇ ਇਸ ਮੁੱਦੇ 'ਤੇ ਅਮਰੀਕਾ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਅਮਰੀਕੀ ਜਹਾਜ਼ ਚੀਨ ਦੀ ਇਜਾਜ਼ਤ ਤੋਂ ਬਗ਼ੈਰ ਵਿਵਾਦਤ ਖੇਤਰ ਤੋਂ ਲੰਘਿਆ। ਅਮਰੀਕਾ ਦਾ ਇਹ ਕਦਮ ਅੰਤਰਰਾਸ਼ਠਰੀ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਨਾਲ ਖੇਤਰ ਦੀ ਸ਼ਾਂਤੀ 'ਤੇ ਅਸਰ ਪੈਂਦਾ ਹੈ। ਇਹ ਪੁੱਛਣ 'ਤੇ ਕੀ ਕਿ ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਕਾਰ ਮੌਜੂਦਾ ਵਪਾਰ ਗੱਲਬਾਤ 'ਤੇ ਪਵੇਗਾ ? ਇਸ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਵਪਾਰਕ ਵਿਵਾਦ ਦਾ ਸਹੀ ਹੱਲ ਦੁਨੀਆਂ ਲਈ ਜ਼ਰੂਰੀ ਹੈ। ਦੋਹਾਂ ਪੱਖਾਂ ਦੇ ਲਈ ਇਹ ਜ਼ਰੂਰੀ ਹੈ;
ਕਿ ਗੱਲਬਾਤ ਲਈ ਮਾਹੌਲ ਬਣਾਇਆ ਜਾਵੇ। ਅਮਰੀਕੀ ਪ੍ਰਸ਼ਾਂਤ ਬੇੜੇ ਦੇ ਬੁਲਾਰੇ ਰਚੇਲ ਮੈਕਮਰ ਨੇ ਕਿਹਾ ਸਮੁੰਦਰੀ ਖੇਤਰ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਚੁਣੌਤੀ ਦੇਣ ਲਈ ਅਮਰੀਕੀ ਜੰਗੀ ਬੇੜਾ ਪਾਰਾਸੇਲ ਟਾਪੂ ਤੋਂ ਹੋ ਕੇ ਲੰਘਿਆ। ਜਿਥੇ ਵੀ ਅੰਤਰਰਾਸ਼ਟਰੀ ਕਾਨੂੰਨ ਇਸ ਦੀ ਇਜਾਜ਼ਤ ਦੇਵੇਗਾ, ਅਮਰੀਕੀ ਨੇਵੀ ਦੇ ਜਹਾਜ਼ ਉਸ ਖੇਤਰ ਤੋਂ ਲੰਘਣਗੇ।