ਬੱਚਿਆਂ ਤਕ ਪਹੁੰਚਣ ਲਈ ਬਣਾਈਆਂ ਜਾ ਰਹੀਆਂ ਹਨ 100 ਚਿਮਨੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਵਿਖੇ ਇਕ ਗੁਫ਼ਾ 'ਚ 14 ਦਿਨ ਤੋਂ ਫਸੀ ਫ਼ੁਟਬਾਲ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਬਚਾਉਣ ਲਈ ਪਹਾੜ 'ਚ 100 ਤੋਂ ਵੱਧ ਚਿਮਨੀਆਂ ਬਣਾਈਆਂ ਜਾ ਰਹੀਆਂ ਹਨ..........

Team Doing Rescue Work

ਬੈਂਕਾਕ : ਥਾਈਲੈਂਡ ਵਿਖੇ ਇਕ ਗੁਫ਼ਾ 'ਚ 14 ਦਿਨ ਤੋਂ ਫਸੀ ਫ਼ੁਟਬਾਲ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਬਚਾਉਣ ਲਈ ਪਹਾੜ 'ਚ 100 ਤੋਂ ਵੱਧ ਚਿਮਨੀਆਂ ਬਣਾਈਆਂ ਜਾ ਰਹੀਆਂ ਹਨ। ਬਚਾਅ ਮੁਹਿੰਮ ਦੇ ਮੁਖੀ ਨੇ ਇਹ ਜਾਣਕਾਰੀ ਦਿਤੀ। ਚਿਆਂਗ ਰੇ ਸੂਬੇ ਦੇ ਗਵਰਨਰ ਦਾ ਕਹਿਣਾ ਹੈ ਕਿ ਜੇ 4 ਦਿਨ 'ਚ ਬਚਾਅ ਕਾਰਜ ਪੂਰਾ ਨਹੀਂ ਕੀਤਾ ਗਿਆ ਤਾਂ ਗੁਫ਼ਾ ਅੰਦਰ ਆਕਸੀਜਨ ਘਟਨ ਦੇ ਨਾਲ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਵੇਗੀ। ਇਸ ਤੋਂ ਬੱਚਿਆਂ ਦਾ ਖ਼ੂਨ ਜ਼ਹਿਰ 'ਚ ਤਬਦੀਲ ਹੋਣ ਦਾ ਖ਼ਤਰਾ ਰਹੇਗਾ।

ਗੁਫ਼ਾ 'ਚ ਪਹਿਲਾਂ ਤੋਂ 1200 ਲੋਕਾਂ ਦੀ ਟੀਮ ਬਚਾਅ ਕਾਰਜ 'ਚ ਲੱਗੀ ਹੋਈ ਹੈ, ਜਿਸ ਕਾਰਨ ਉਥੇ ਸਿਰਫ਼ 15 ਫ਼ੀ ਸਦੀ ਆਕਸੀਜਨ ਬਚੀ ਹੈ। ਇਸ ਵਿਚਕਾਰ ਅਮਰੀਕੀ ਅਰਬਪਤੀ ਕਾਰੋਬਾਰੀ ਅਤੇ ਵਿਗਿਆਨੀ ਐਲਨ ਮਸਕ ਮਦਦ ਲਈ ਅੱਗੇ ਆਏ ਹਨ। ਉਹ ਬਚਾਅ ਕਾਰਜ ਲਈ ਅਪਣੇ ਇੰਜੀਨੀਅਰਾਂ ਨੂੰ ਉਥੇ ਭੇਜ ਰਹੇ ਹਨ। ਗੁਫ਼ਾ 'ਚ ਫਸੀ ਟੀਮ ਨੂੰ ਉਪਰਲੇ ਰਸਤਿਉਂ ਕੱਢਣ ਲਈ ਨਵੇਂ ਤਰੀਕੇ ਲੱਭੇ ਜਾ ਰਹੇ ਹਨ। ਜੇ ਗੁਫ਼ਾ 'ਚ ਪਾਣੀ ਭਰਿਆ ਰਹਿੰਦਾ ਹੈ ਤਾਂ ਉਥੋਂ ਗੋਤਾਖੋਰੀ ਕਰਦੇ ਹੋਏ ਉਨ੍ਹਾਂ ਨੂੰ ਬਾਹਰ ਕੱਢਣਾ ਖ਼ਤਰੇ ਭਰਿਆ ਹੋ ਸਕਦਾ ਹੈ।

ਬਚਾਅ ਟੀਮ ਵਲੋਂ ਦਸਿਆ ਗਿਆ ਕਿ ਕੁੱਝ ਚਿਮਨੀਆਂ ਘੱਟੋ-ਘੱਟ 400 ਮੀਟਰ ਡੂੰਘੀਆਂ ਹਨ, ਪਰ ਅਜੇ ਵੀ ਉਨ੍ਹਾਂ ਨੂੰ ਟੀਮ ਦਾ ਟਿਕਾਣਾ ਨਹੀਂ ਮਿਲਿਆ।''ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਉਹ ਤਕਨੀਕ ਨਹੀਂ ਹੈ ਜਿਸ ਨਾਲ ਬੱਚਿਆਂ ਦੀ ਸਥਿਤੀ ਦਾ ਠੀਕ ਤਰ੍ਹਾਂ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਉਹ 600 ਮੀਟਰ ਦੀ ਡੂੰਘਾਈ 'ਤੇ ਹਨ ਪਰ ਸਾਡੇ ਕੋਲ ਪੱਕਾ ਟਿਕਾਣਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਗੁਫ਼ਾ 'ਚ ਅੰਡਰ-16 ਫ਼ੁਟਬਾਲ ਟੀਮ ਦੇ 11 ਤੋਂ 16 ਸਾਲ ਦੇ 12 ਬੱਚੇ ਅਤੇ ਉਨ੍ਹਾਂ ਦੇ 25 ਸਾਲਾ ਕੋਚ ਫਸੇ ਹੋਏ ਹਨ। ਉਹ ਅਪਣੇ ਅਭਿਆਸ ਮੈਚ ਤੋਂ ਬਾਅਦ ਗੁਫ਼ਾ ਅੰਦਰ ਸੈਰ-ਸਪਾਟੇ ਲਈ ਗਏ ਸਨ। ਉਸੇ ਸਮੇਂ ਮੀਂਹ ਅਤੇ ਹੜ੍ਹ ਆ ਗਿਆ। ਇਹ ਗੁਫ਼ਾ 10 ਕਿਲੋਮੀਟਰ ਲੰਮੀ ਹੈ। (ਪੀਟੀਆਈ)