ਥਾਈਲੈਂਡ : ਗੁਫ਼ਾ 'ਚੋਂ 6 ਬੱਚੇ ਸੁਰੱਖਿਅਤ ਕੱਢੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ 15 ਦਿਨ ਤੋਂ ਫਸੀ ਫ਼ੁਟਬਾਲ ਟੀਮ ਦੇ ਬੱਚਿਆਂ 'ਚੋਂ 6 ਨੂੰ ਬਾਹਰ ਕੱਢ ਲਿਆ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਥਾਈਲੈਂਡ ਦੀ ਸਰਕਾਰ...

Thailand Rescue

ਬੈਂਕਾਕ, ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ 15 ਦਿਨ ਤੋਂ ਫਸੀ ਫ਼ੁਟਬਾਲ ਟੀਮ ਦੇ ਬੱਚਿਆਂ 'ਚੋਂ 6 ਨੂੰ ਬਾਹਰ ਕੱਢ ਲਿਆ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਥਾਈਲੈਂਡ ਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਰਕਾਰ ਨੇ ਦਸਿਆ ਕਿ 6 ਬੱਚੇ ਬਾਹਰ ਆ ਚੁਕੇ ਹਨ ਅਤੇ ਬਾਕੀਆਂ ਦੇ ਵੀ ਛੇਤੀ ਬਾਹਰ ਆਉਣ ਦੀ ਉਮੀਦ ਹੈ। ਬੱਚਿਆਂ ਨੂੰ ਬਾਹਰ ਕੱਢਣ ਮਗਰੋਂ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੱਚਿਆਂ ਨੂੰ ਕੱਢਣ ਲਈ ਐਤਵਾਰ ਸਵੇਰੇ ਅੰਤਮ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਗਈ। 13 ਵਿਦੇਸ਼ੀ ਗੋਤਾਖ਼ੋਰ ਅਤੇ ਥਾਈ ਨੇਵੀ ਦੇ 5 ਅਧਿਕਾਰੀਆਂ ਦੀ ਟੀਮ ਭਾਰਤੀ ਸਮੇਂ ਅਨੁਸਾਰ ਸਵੇਰੇ 8:30 ਵਜੇ ਗੁਫ਼ਾ ਅੰਦਰ ਦਾਖ਼ਲ ਹੋਈ।ਚਿਆਂਗ ਰੇ ਸੂਬੇ ਦੇ ਗਵਰਨਰ ਨਾਰੋਂਗਸਾਕ ਅਸੋਤਾਨਾਕੋਰਨ ਨੇ ਦਸਿਆ ਕਿ ਹਰ ਬੱਚੇ ਨਾਲ ਦੋ ਗੋਤਾਖ਼ੋਰ ਲਿਆ ਰਹੇ ਹਨ, ਜੋ ਉਨ੍ਹਾਂ ਨੂੰ ਹਨੇਰੇ ਅਤੇ ਪਾਣੀ ਨਾਲ ਭਰੇ ਤੰਗ ਰਸਤੇ ਨੂੰ ਪਾਰ ਕਰਨ 'ਚ ਮਦਦ ਕਰਨਗੇ।

ਜੇ ਮੀਂਹ ਪਿਆ ਤਾਂ ਇਸ ਕੰਮ ਨੂੰ ਰੋਕਿਆ ਜਾ ਸਕਦਾ ਹੈ। ਸਨਿਚਰਵਾਰ ਰਾਤ ਬਚਾਅ ਮੁਲਾਜ਼ਮਾਂ ਨੇ ਗੁਫ਼ਾ ਦੇ ਅੰਦਰ 1.5 ਕਿਲੋਮੀਟਰ ਦੇ ਹਿੱਸੇ ਦਾ ਪਾਣੀ ਕਾਫ਼ੀ ਘੱਟ ਕਰ ਦਿਤਾ ਸੀ, ਤਾਕਿ ਗੋਤਾਖ਼ੋਰਾਂ ਨੂੰ ਅੰਦਰ ਜਾਣ 'ਚ ਘੱਟ ਸਮਾਂ ਲੱਗੇ। ਦਸਿਆ ਗਿਆ ਹੈ ਕਿ ਇਕ ਮਾਹਰ ਗੋਤਾਖ਼ੋਰ ਨੂੰ ਇਸ ਗੁਫ਼ਾ ਦੇ ਅੰਦਰ ਜਾਣ ਅਤੇ ਬਾਹਰ ਆਉਣ 'ਚ ਲਗਭਗ 11 ਘੰਟੇ ਲਗਦੇ ਹਨ।

Thailand Footbal Players in Cave

ਅਧਿਕਾਰੀਆਂ ਨੇ ਐਤਵਾਰ ਸਵੇਰੇ ਮੀਡੀਆ ਨੂੰ ਕਿਹਾ ਸੀ ਕਿ ਉਹ ਗੁਫ਼ਾ ਨੇੜੇ ਸਥਿਤ ਕੈਂਪ ਦੇ ਨੇੜੇ ਵਾਲੀ ਥਾਂ ਨੂੰ ਖ਼ਾਲੀ ਕਰ ਦੇਣ। ਪੁਲਿਸ ਨੇ ਇਸ ਜਗ੍ਹਾ 'ਤੇ ਲਾਊਡ ਸਪੀਕਰ ਨਾਲ ਐਲਾਨ ਕੀਤਾ, ''ਸਾਰੇ ਲੋਕ ਜੋ ਮੁਹਿੰਮ ਨਾਲ ਨਹੀਂ ਜੁੜੇ ਹਨ ਤੁਰੰਤ ਇਸ ਇਲਾਕੇ ਵਿਚੋਂ ਬਾਹਰ ਚਲੇ ਜਾਣ।'' ਜਾਣਕਾਰੀ ਮੁਤਾਬਕ ਗੁਫ਼ਾ ਨੇੜੇ ਐਂਬੁਲੈਂਸ ਗੱਡੀ ਵੀ ਪਹੁੰਚ ਚੁਕੀ ਹੈ।

ਜ਼ਿਕਰਯੋਗ ਹੈ ਕਿ ਗੁਫ਼ਾ 'ਚ ਅੰਡਰ-16 ਫ਼ੁਟਬਾਲ ਟੀਮ ਦੇ 11 ਤੋਂ 16 ਸਾਲ ਦੇ 12 ਬੱਚੇ ਅਤੇ ਉਨ੍ਹਾਂ ਦੇ 25 ਸਾਲਾ ਕੋਚ ਫਸੇ ਹੋਏ ਹਨ। ਉਹ ਅਪਣੇ ਅਭਿਆਸ ਮੈਚ ਤੋਂ ਬਾਅਦ ਗੁਫ਼ਾ ਅੰਦਰ ਸੈਰ-ਸਪਾਟੇ ਲਈ ਗਏ ਸਨ। ਉਸੇ ਸਮੇਂ ਮੀਂਹ ਅਤੇ ਹੜ੍ਹ ਆ ਗਿਆ। ਇਹ ਗੁਫ਼ਾ 10 ਕਿਲੋਮੀਟਰ ਲੰਮੀ ਹੈ। (ਪੀਟੀਆਈ)