ਕਰਾਚੀ 'ਚ ਇਕ ਟੀ.ਵੀ. ਐਂਕਰ ਦਾ ਗੋਲੀ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੁਲਜ਼ਮ ਨੇ ਖ਼ੁਦ ਨੂੰ ਵੀ ਮਾਰੀ ਗੋਲੀ, ਹਾਲਤ ਗੰਭੀਰ

Pakistani news anchor gunned down in Karachi

ਕਰਾਚੀ : ਪਾਕਿਸਤਾਨ ਦੇ ਇਕ ਪ੍ਰਮੁੱਖ ਟੀ.ਵੀ. ਚੈਨਲ ਦੇ ਇਕ ਐਂਕਰ ਦੀ ਨਿੱਜੀ ਦੁਸ਼ਮਨੀ ਦੇ ਕਾਰਨ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ 'ਬੋਲ ਨਿਊਜ਼' ਦੇ ਐਂਕਰ ਮੁਰੀਦ ਅੱਬਾਸ ਦਾ ਖ਼ੈਬਾਨ-ਏ-ਬੁਖ਼ਾਰੀ ਵਿਚ ਮੰਗਲਵਾਰ ਦੀ ਰਾਤ ਪੈਸਿਆਂ ਨੂੰ ਲੈ ਕੇ ਕੁੱਝ ਲੋਕਾਂ ਨਾਲ ਬਹਿਸ ਹੋ ਗਈ ਜਿਸ ਦੇ ਬਾਅਦ ਇਹ ਹਿਸੰਕ ਝੜਪ 'ਚ ਤਬਦੀਲ ਹੋ ਗਈ। ਹਤਿਆ ਦੇ ਬਾਅਦ ਪੁਲਿਸ ਜਦੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਦੋਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹਮਲਾਵਰ ਦੀ ਪਛਾਣ ਆਤਿਫ ਜਮਾਂ ਦੇ ਰੂਪ ਵਿਚ ਹੋਈ ਹੈ। ਜੀਓ ਨਿਊਜ਼ ਮੁਤਾਬਕ ਜਮਾਂ ਨੇ ਇਕ ਸਫੇਦ ਕਾਰ ਦੇ ਅੰਦਰੋਂ ਪੱਤਰਕਾਰ ਨੂੰ ਗੋਲੀ ਮਾਰੀ। ਸਾਊਥ ਡੀ.ਆਈ.ਜੀ. ਸ਼ਰਜਿਲ ਖਰਾਲ ਮੁਤਾਬਕ ਅੱਬਾਸ ਦੇ ਇਕ ਦੋਸਤ ਨੇ ਦਸਿਆ ਕਿ ਹਮਲਾਵਰ ਦਾ ਉਸ ਨਾਲ ਪੈਸਿਆਂ ਨੂੰ ਲੈ ਕੇ ਕੁਝ ਝਗੜਾ ਸੀ। 

ਅੱਬਾਸ ਦੀ ਛਾਤੀ ਅਤੇ ਪੇਟ ਵਿਚ ਕਈ ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਇਕ ਹੋਰ ਸਮਾਚਾਰ ਏਜੰਸੀ ਮੁਤਾਬਕ ਪੱਤਰਕਾਰ ਅੱਬਾਸ ਦੇ ਦੋਸਤ ਖੈਜ਼ਰ ਹਯਾਤ ਨੂੰ ਵੀ ਇਸ ਘਟਨਾ ਵਿਚ ਗੋਲੀ ਮਾਰੀ ਗਈ। ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

ਘਟਨਾ ਸਾਹਮਣੇ ਆਉਣ ਦੇ ਬਾਅਦ ਸਿੰਧ ਇੰਸਪੈਕਟਰ ਜਨਰਲ ਆਫ਼ ਪੁਲਿਸ ਕਲੀਮ ਇਮਾਨ ਨੇ ਸਬੰਧਤ ਡੀ.ਆਈ.ਜੀ. ਨੂੰ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਕਿਹਾ ਹੈ। ਇਸ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਇਸ ਘਟਨਾ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਖਤਰਾ ਦਸਿਆ ਹੈ। ਉਨ੍ਹਾਂ ਨੇ ਇਮਰਾਨ ਖਾਨ ਸਰਕਾਰ ਨੂੰ 'ਫਾਸੀਵਾਦੀ' ਦਸਿਆ।