ਬੌਧ ਭਿਕਸ਼ੂ ਨੂੰ 114 ਸਾਲ ਦੀ ਜੇਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਇਕ ਅਦਾਲਤ ਨੇ ਅਮਰੀਕਾ ਤੋਂ ਹਵਾਲਗੀ ਦੇ ਇਕ ਸਾਲ ਬਾਅਦ ਵੀਰਵਾਰ ਨੂੰ ਇਕ ਸਾਬਕਾ ਬੌਧ ਭਿਕਸ਼ੂ ਨੂੰ 114 ਸਾਲ ਦੀ ਜੇਲ ਦੀ ਸਜ਼ਾ ਸੁਣਾਈ.............

Buddh Monks

ਬੈਂਕਾਕ : ਥਾਈਲੈਂਡ ਦੀ ਇਕ ਅਦਾਲਤ ਨੇ ਅਮਰੀਕਾ ਤੋਂ ਹਵਾਲਗੀ ਦੇ ਇਕ ਸਾਲ ਬਾਅਦ ਵੀਰਵਾਰ ਨੂੰ ਇਕ ਸਾਬਕਾ ਬੌਧ ਭਿਕਸ਼ੂ ਨੂੰ 114 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਵਿਰਾਫੋਨ ਸੁਕਫੋਨ ਸਾਲ 2013 'ਚ ਉਸ ਸਮੇਂ ਚਰਚਾ ਵਿਚ ਆਇਆ ਸੀ, ਜਦੋਂ ਉਸ ਦੀ ਇਕ ਨਿੱਜੀ ਜੈੱਟ 'ਤੇ ਡਿਜ਼ਾਈਨਰ ਐਵੀਟਰ ਚਸ਼ਮਾ ਪਹਿਨੇ ਅਤੇ ਲੁਈ ਵੀਟਾਨ ਦਾ ਬੈਗ ਫੜੇ ਇਕ ਫੁਟੇਜ ਸਾਹਮਣੇ ਆਈ ਸੀ। 39 ਸਾਲਾ ਸੁਕਫੋਨ ਅਮਰੀਕਾ ਭੱਜ ਗਿਆ ਸੀ, ਪਰ ਨਾਬਾਲਗ਼ ਨਾਲ ਬਲਾਤਕਾਰ ਕਰਨ ਅਤੇ ਦਾਨੀਆਂ ਨੂੰ ਧੋਖਾ ਦੇਣ ਦੇ ਦੋਸ਼ਾਂ ਦੇ ਬਾਅਦ ਉਸ ਨੂੰ ਵਾਪਸ ਥਾਈਲੈਂਡ ਭੇਜ ਦਿਤਾ ਗਿਆ। 

ਦਾਨੀਆਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਬੁੱਧ ਮੂਰਤੀ ਬਣਾਉਣ ਲਈ ਉਸ ਨੂੰ ਪੈਸਾ ਦਿਤਾ ਸੀ। ਜਾਂਚ 'ਚ ਪਤਾ ਚਲਿਆ ਕਿ ਉਸ ਨੇ ਇਸ ਰਾਸ਼ੀ ਨਾਲ ਲਗਜ਼ਰੀ ਕਾਰਾਂ ਖ਼ਰੀਦੀਆਂ ਹੋਈਆਂ ਹਨ। ਉਸ ਦੇ ਕਈ ਬੈਂਕਾਂ 'ਚ ਖਾਤੇ ਹਨ, ਜਿਨ੍ਹਾਂ ਵਿਚ ਲਗਭਗ 7,00,000 ਡਾਲਰ ਦੀ ਰਾਸ਼ੀ ਜਮਾਂ ਹੈ। ਬੈਂਕਾਕ ਦੀ ਇਕ ਅਦਾਲਤ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੁਕਫੋਨ ਨੂੰ ਮਨੀ ਲਾਂਡਰਿੰਗ, ਧੋਖਾਧੜੀ, ਆਨਲਾਈਨ ਚੰਦਾ ਇਕੱਠਾ ਕਰਨ ਲਈ ਕੰਪਿਊਟਰ ਕ੍ਰਾਈਮ ਐਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।

ਅਧਿਕਾਰੀ ਨੇ ਕਿਹਾ, ''ਜੱਜਾਂ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 114 ਸਾਲ ਦੀ ਜੇਲ ਦੀ ਸਜ਼ਾ ਸੁਣਾਈ।'' ਥਾਈਲੈਂਡ ਦੇ ਕਾਨੂੰਨ ਮੁਤਾਬਕ ਸੁਕਫੋਨ 20 ਸਾਲ ਤੋ ਵੱਧ ਦੀ ਸਜ਼ਾ ਨਹੀਂ ਕੱਟੇਗਾ, ਪਰ ਉਸ ਨੂੰ 29 ਦਾਨੀਆਂ ਦੇ 8,61,700 ਡਾਲਰ ਵੀ ਵਾਪਸ ਦੇਣਗੇ ਪੈਣਗੇ। ਇਕ ਸਰਕਾਰੀ ਵਕੀਲ ਨੇ ਦਸਿਆ ਕਿ ਬਲਾਤਕਾਰ ਦੇ ਮਾਮਲੇ 'ਤੇ ਫ਼ੈਸਲਾ ਅਕਤੂਬਰ ਵਿਚ ਆਉਣ ਦੀ ਸੰਭਾਵਨਾ ਹੈ। (ਪੀਟੀਆਈ)