ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 5 ਜਨਵਰੀ ਨੂੰ ਹੋਣਗੀਆਂ ਚੋਣਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿਰਿਸੇਨਾ ਨੇ ਦੇਸ਼ ਦੀ ਸੰਸਦ ਨੂੰ ਸ਼ੁਕਰਵਾਰ ਅੱਧੀ ਰਾਤ ਤੋਂ ਭੰਗ ਕਰਨ ਸੰਬਧੀ ਗਜਟ ਦੀ ਸੂਚਨਾ ਤੇ ਹਸਤਾਖਰ ਕੀਤੇ।

Maithripala Sirisena

ਕੋਲੰਬੋ , ( ਭਾਸ਼ਾ ) : ਸੰਸਦ ਭੰਗ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨੇ ਕਿਹਾ ਕਿ ਚੋਣਾਂ ਪੰਜ ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰਿਸੇਨਾ ਨੇ ਦੇਸ਼ ਵਿਚ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਪੈਦਾ ਹੋਏ ਰਾਜਨੀਤਕ ਅਤੇ ਸਵਿੰਧਾਨਕ ਸੰਕਟ ਦੇ ਵਿਚਕਾਰ ਸ਼ੁਕਰਵਾਰ ਨੂੰ ਦੇਸ਼ ਦੀ ਸੰਸਦ ਨੂੰ ਭੰਗ ਕਰਦੇ ਹੋਏ ਸਮੇਂ ਤੋਂ ਪਹਿਲਾ ਆਮ ਚੋਣਾਂ ਕਰਵਾਏ ਜਾਣ ਦਾ ਰਸਤਾ ਸਾਫ ਕਰ ਦਿਤਾ। ਸਿਰਿਸੇਨਾ ਨੇ ਦੇਸ਼ ਦੀ ਸੰਸਦ ਨੂੰ ਸ਼ੁਕਰਵਾਰ ਅੱਧੀ ਰਾਤ ਤੋਂ ਭੰਗ ਕਰਨ ਸੰਬਧੀ ਗਜਟ ਦੀ ਸੂਚਨਾ ਤੇ ਹਸਤਾਖਰ ਕੀਤੇ।

ਦੋ ਹਫਤਿਆਂ ਤੋਂ ਚਲ ਰਹੇ ਰਾਜਨੀਤਕ ਅਤੇ ਸੰਵਿਧਾਨਕ ਸੰਕਟ ਦੇ ਵਿਚਕਾਰ ਇਹ ਇਕ ਹੈਰਾਨ ਕਰ ਦੇਣ ਵਾਲਾ ਕਦਮ ਹੈ। ਸੰਸਦ ਨੂੰ ਭੰਗ ਕਰਨ ਦਾ ਕਦਮ ਰਾਸ਼ਟਰਪਤੀ ਦੇ ਨੇੜਲੇ ਸਹਿਯੋਗੀ ਵੱਲੋਂ ਇਹ ਦੱਸਣ ਤੋਂ ਕੁਝ ਘੰਟੇ ਬਾਅਦ ਚੁੱਕਿਆ ਗਿਆ ਹੈ ਕਿ ਸ਼੍ਰੀਲੰਕਾ ਵਿਚ ਮੌਜੂਦ ਰਾਜਨੀਤਿਕ ਅਤੇ ਸੰਵਿਧਾਨਕ ਸੰਕਟ ਨੂੰ ਖਤਮ ਕਰਨ ਲਈ ਸਮੇਂ ਤੋਂ ਪਹਿਲਾਂ ਚੋਣਾਂ ਜਾਂ ਰਾਸ਼ਟਰੀ ਲੋਕਮਤ ਨਹੀਂ ਕਰਵਾਉਣ ਦਾ ਸਿਰਿਸੇਨਾ ਨੇ ਫੈਸਲਾ ਕੀਤਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅੱਜ ਦੀ ਰਾਤ ਦਾ ਫੈਸਲਾ ਵੀ 19ਵੇਂ ਸੰਸ਼ੋਧਨ ਦੇ ਹਿਸਾਬ ਨਾਲ ਅਸੰਵਿਧਾਨਕ ਹੈ।

19ਵੇਂ ਸੰਸ਼ੋਧਨ ਮੁਤਾਬਕ ਰਾਸ਼ਟਰਪਤੀ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਬਰਖ਼ਾਸਤ ਨਹੀਂ ਕਰ ਸਕਦੇ ਜਾਂ ਸੰਸਦ ਨੂੰ ਭੰਗ ਨਹੀਂ ਕਰ ਸਕਦੇ। ਵਿਕਰਮਸਿੰਘੇ ਦੀ ਅਗਵਾਈ ਵਾਲੀ ਯੂਨਾਈਟੇਡ ਨੈਸ਼ਨਲ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਜ਼ੋਰਦਾਰ ਤਰੀਕੇ ਨਾਲ ਸੰਸਦ ਨੂੰ ਭੰਗ ਕਰਨ ਦੇ ਫੈਸਲੇ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਅਧਿਕਾਰ ਖੋਹ ਲਏ ਗਏ ਹਨ। ਰਾਜਨੀਤਿਕ ਦਲਾਂ ਨੇ ਕਿਹਾ ਹੈ ਕਿ ਸਿਰਿਸੇਨਾ ਵੱਲੋਂ 225 ਮੈਂਬਰਾਂ ਵਾਲੇ ਸੰਸਦ ਨੂੰ ਭੰਗ ਕਰਨ ਦੇ ਫੈਸਲੇ ਤੋਂ ਬਾਅਦ ਦੇਸ਼ ਵਿਚ

ਨਵੇਂ ਸਿਰੇ ਤੋਂ ਸੰਸਦੀ ਚੋਣਾਂ ਅਗਲੇ ਸਾਲ ਜਨਵਰੀ ਵਿਚ ਕਰਵਾਈਆਂ ਜਾ ਸਕਦੀਆਂ ਹਨ। ਖ਼ਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਸਿਰਿਸੇਨਾ ਨੇ ਇਕ ਅਧਿਕਾਰਕ ਸੂਚਨਾ ਤੇ ਹਸਤਾਖ਼ਰ ਕਰਦਿਆਂ ਮੌਜੂਦਾ 225 ਮੈਂਬਰਾਂ ਵਾਲੀ ਸੰਸਦ ਨੂੰ ਭੰਗ ਕਰ ਦਿਤਾ ਹੈ। ਇਸ ਦਾ ਕਾਰਜਕਾਲ ਅਗਸਤ 2020 ਵਿਚ ਪੂਰਾ ਹੋਣਾ ਸੀ। ਜ਼ਿਕਰਯੋਗ ਹੈ ਕਿ ਸਿਰਿਸੇਨਾ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਬਰਖ਼ਾਸਤ ਕਰ ਕੇ ਉਨ੍ਹਾਂ ਦੀ ਜਗਾ ਉਨ੍ਹਾਂ ਦੇ ਵਿਰੋਧੀ ਮਹਿੰਦਾ ਰਾਜਪਕਸ਼ੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿਤਾ। ਇਸ ਨਾਲ ਦੇਸ਼ ਵਿਚ ਰਾਜਨੀਕਿਤ ਸੰਕਟ ਪੈਦਾ ਹੋ ਗਿਆ।