ਪਾਕਿਸਤਾਨ ਵਿਚ ਦੋ ਚੋਣ ਸਭਾਵਾਂ 'ਚ ਬੰਬ ਧਮਾਕੇ, 70 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਸ਼ੁਕਰਵਾਰ ਨੂੰ ਦੋ ਵੱਖ-ਵੱਖ ਚੋਣ ਰੈਲੀਆਂ 'ਚ ਬੰਬ ਧਮਾਕੇ ਹੋਏ। ਇਨ੍ਹਾਂ 'ਚ ਬਲੋਚਿਸਤਾਨ ਅਵਾਮੀ ਲੀਗ (ਬੀ.ਏ.ਪੀ.) ਮੁਖੀ ਸਿਰਾਜ ਰਾਏਸਾਨੀ..............

Pakistani Soldiers deployed at scene of Incident

ਇਸਲਾਮਾਬਾਦ : ਪਾਕਿਸਤਾਨ 'ਚ ਸ਼ੁਕਰਵਾਰ ਨੂੰ ਦੋ ਵੱਖ-ਵੱਖ ਚੋਣ ਰੈਲੀਆਂ 'ਚ ਬੰਬ ਧਮਾਕੇ ਹੋਏ। ਇਨ੍ਹਾਂ 'ਚ ਬਲੋਚਿਸਤਾਨ ਅਵਾਮੀ ਲੀਗ (ਬੀ.ਏ.ਪੀ.) ਮੁਖੀ ਸਿਰਾਜ ਰਾਏਸਾਨੀ ਸਮੇਤ 70 ਲੋਕਾਂ ਦੀ ਮੌਤ ਹੋ ਗਈ ਅਤੇ 82 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਪਹਿਲਾ ਧਮਾਕਾ ਬਲੋਚਿਸਤਾਨ ਸੂਬੇ ਦੀ ਮਸਤੁੰਗ ਘਾਟੀ 'ਚ ਬੀ.ਏ.ਪੀ. ਦੀ ਚੋਣ ਰੈਲੀ 'ਚ ਹੋਇਆ। ਇਸ 'ਚ ਪਾਰਟੀ ਮੁਖੀ ਨਵਾਬਜ਼ਾਦਾ ਸਿਰਾਜ ਰਾਏਸਾਨੀ ਸਮੇਤ 70 ਲੋਕਾਂ ਦੀ ਮੌਤ ਹੋ ਗਈ। ਲਗਭਗ 50 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਸਿਰਾਜ ਬਲੋਚਿਤਸਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਏਸਾਨੀ ਦੇ ਭਰਾ ਸਨ।

ਇਸ ਤੋਂ ਇਲਾਵਾ ਮਸਤੁੰਗਾ ਜ਼ਿਲ੍ਹੇ ਤੋਂ ਚੋਣ ਲੜ ਰਹੇ ਸਨ। ਜ਼ਖ਼ਮੀਆਂ ਨੂੰ ਕਵੇਟਾ ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੂਜਾ ਧਮਾਕਾ ਖ਼ੈਬਰ ਪਖ਼ਤੂਨਖਵਾ ਸੂਬੇ 'ਚ ਸਾਬਕਾ ਮੁੱਖ ਮੰਤਰੀ ਅਕਰਮ ਖ਼ਾਨ ਦੁਰਾਨੀ ਦੀ ਚੋਣ ਰੈਲੀ 'ਚ ਹੋਇਆ। ਇਸ 'ਚ 5 ਲੋਕਾਂ ਦੀ ਮੌਤ ਅਤੇ ਲਗਭਗ 32 ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਦੁਰਾਨੀ ਉੱਤਰੀ ਵਜ਼ੀਰੀਸਤਾਨ ਕੋਲ ਰੈਲੀ 'ਚ ਸਨ। ਇਸ ਧਮਾਕੇ ਵਿਚ ਖੈਬਰ ਪਖਤੂਨਖਵਾ ਦੇ ਸਾਬਕਾ ਮੁੱਖ ਮੰਤਰੀ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ ਦੇ ਨੇਤਾ ਅਕਰਮ ਦੁਰਾਨੀ ਮਾਮੂਲੀ ਜ਼ਖ਼ਮੀ ਹੋਏ ਹਨ। ਬੰਬ ਇਕ ਮੋਟਰ ਬਾਈਕ 'ਚ ਲਗਾਇਆ ਗਿਆ ਸੀ।

ਜਦੋਂ ਬਾਈਕ ਦੁਰਾਨੀ ਦੀ ਗੱਡੀ ਨੇੜੇ ਪੁੱਜੀ ਤਾਂ ਉਸ 'ਚ ਧਮਾਕਾ ਹੋ ਗਿਆ। ਦੁਰਾਨੀ ਸਿਆਸੀ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ ਦੇ ਉਮੀਦਵਾਰ ਹਨ। ਜਿਸ ਸਮੇਂ ਹਮਲਾ ਹੋਇਆ, ਦੁਰਾਨੀ ਇਕ ਚੋਣ ਰੈਲੀ ਤੋਂ ਪਰਤ ਰਹੇ ਸਨ। ਬੰਨੂ ਦੇ ਖੇਤਰੀ ਪੁਲਿਸ ਅਧਿਕਾਰੀ ਕਰੀਮ ਖ਼ਾਨ ਨੇ ਦਸਿਆ ਕਿ ਧਮਾਕਾ ਰੈਲੀ ਵਾਲੀ ਥਾਂ ਤੋਂ ਲਗਭਗ 40 ਮੀਟਰ ਦੀ ਦੂਰੀ 'ਤੇ ਹੋਇਆ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਇਸ ਚੋਣ 'ਚ ਦੁਰਾਨੀ ਦਾ ਮੁਕਾਬਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨਾਲ ਹੈ।                         (ਪੀਟੀਆਈ)

Related Stories