ਸ਼ੱਕੀ ਵਿਦਰੋਹੀਆਂ ਵੱਲੋਂ ਮਿਆਂਮਾਰ ਦੇ ਰਖਾਈਨ ‘ਚ 31 ਬੱਸ ਯਾਤਰੀ ਅਗਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਆਂਮਾਰ ਦੇ ਅਸ਼ਾਂਤ ਰਖਾਈਨ ਸੂਬੇ 'ਚ ਖਿਡਾਰੀਆਂ ਦੀ ਪੋਸ਼ਾਕ ਪਹਿਨ ਕੇ ਸ਼ੱਕੀ ਵਿਦਰੋਹੀਆਂ...

Bus Passenger

ਯੰਗੂਨ: ਮਿਆਂਮਾਰ ਦੇ ਅਸ਼ਾਂਤ ਰਖਾਈਨ ਸੂਬੇ 'ਚ ਖਿਡਾਰੀਆਂ ਦੀ ਪੋਸ਼ਾਕ ਪਹਿਨ ਕੇ ਸ਼ੱਕੀ ਵਿਦਰੋਹੀਆਂ ਨੇ ਐਤਵਾਰ ਨੂੰ ਇਕ ਬੱਸ 'ਤੇ ਹੱਲਾ ਬੋਲ ਕੇ 31 ਯਾਤਰੀਆਂ ਨੂੰ ਅਗ਼ਵਾ ਕਰ ਲਿਆ। ਅਧਿਕਾਰੀਆਂ ਮੁਤਾਬਕ, ਅਗ਼ਵਾ ਕੀਤੇ ਗਏ ਜ਼ਿਆਦਾਤਰ ਲੋਕ ਫਾਇਰ ਬਿ੍ਗੇਡ ਤੇ ਨਿਰਮਾਣ ਖੇਤਰ 'ਚ ਕੰਮ ਕਰਨ ਵਾਲੇ ਮਜਦੂਰ ਹਨ। ਰਖਾਈਨ ਉਹੀ ਸੂਬਾ ਹੈ ਜਿੱਥੇ ਅਗਸਤ, 2017 'ਚ ਫ਼ੌਜ ਦੀ ਵੱਡੀ ਕਾਰਵਾਈ ਤੋਂ ਬਾਅਦ ਕਰੀਬ ਅੱਠ ਲੱਖ ਰੋਹਿੰਗਿਆ ਮੁਸਲਮਾਨਾਂ ਨੇ ਭੱਜ ਕੇ ਗੁਆਂਢੀ ਦੇਸ਼ ਬੰਗਲਾਦੇਸ਼ 'ਚ ਸ਼ਰਨ ਲਈ ਸੀ।

ਅਧਿਕਾਰੀਆਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਸ ਵਾਰਦਾਤ 'ਚ ਵਿਦਰੋਹੀ ਜਥੇਬੰਦੀ ਅਰਾਕਾਨ ਆਰਮੀ ਦਾ ਹੱਥ ਹੋ ਸਕਦਾ ਹੈ। ਇਹ ਜਥੇਬੰਦੀ ਰਖਾਈਨ ਦੇ ਬੋਧ ਭਾਈਚਾਰੇ ਲਈ ਜ਼ਿਆਦਾ ਅਧਿਕਾਰਾਂ ਤੇ ਖ਼ੁਦਮੁਖ਼ਤਾਰੀ ਦੀ ਮੰਗ ਕਰ ਰਹੀ ਹੈ। ਜਥੇਬੰਦੀ ਨੇ ਹਾਲੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕਰਨਲ ਵਿਨ ਜਾ ਓ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਨਾਗਰਿਕ ਜਿਹੇ ਕੱਪੜੇ ਪਹਿਨੀ ਇਕ ਵਿਦਰੋਹੀ ਨੇ ਸੂਬਾਈ ਰਾਜਧਾਨੀ ਸਿਤਵੇ ਜਾ ਰਹੀ ਬੱਸ ਨੂੰ ਹੱਥ ਦੇ ਕੇ ਰੁਕਵਾਇਆ। ਬੱਸ ਦੇ ਰੁਕਦੇ ਹੀ ਖਿਡਾਰੀਆਂ ਦੀ ਪੋਸ਼ਾਕ ਪਹਿਨੀ 18 ਵਿਦਰੋਹੀ ਜੰਗਲ 'ਚੋਂ ਨਿਕਲੇ ਤੇ ਹਥਿਆਰ ਵਿਖਾ ਕੇ ਯਾਤਰੀਆਂ ਨੂੰ ਬੱਸ ਤੋਂ ਹੇਠਾਂ ਉਤਾਰ ਲਿਆ।