ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਈ ਤਾਂ ਪਾਕਿਸਤਾਨ ਨੇ ਭਾਰਤ ਨੂੰ ਨਾ ਦਿੱਤੀ ਮਠਿਆਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਈਦ ਮੌਕੇ ਵੀ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ਼ ਦੇ ਅਧਿਕਾਰੀਆਂ ਕੋਲੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

Pakistan Independence Day: No exchange of sweets between BSF and Pakistan Rangers

ਅੰਮ੍ਰਿਤਸਰ : ਜੰਮੂ-ਕਸ਼ਮੀਰ 'ਚ ਧਾਰਾ-370 ਖ਼ਤਮ ਕੀਤੇ ਜਾਣ ਕਾਰਨ ਬੌਖਲਾਏ ਪਾਕਿਸਤਾਨ ਨੇ ਕੌਮਾਂਤਰੀ ਸਰਹੱਦ 'ਤੇ ਤਿਉਹਾਰਾਂ ਮੌਕੇ ਮਠਿਆਈਆਂ ਦੇ ਲੈਣ-ਦੇਣ 'ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ 'ਚ ਅੱਜ 14 ਅਗੱਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਭਾਰਤ ਨੂੰ ਮਠਿਆਈ ਦਿੰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚ ਇਹ ਪਰੰਪਰਾ ਚਲਦੀ ਆ ਰਹੀ ਸੀ ਪਰ ਪਾਕਿਸਤਾਨ ਨੇ ਲਗਾਤਾਰ ਦੂਸਰੀ ਵਾਰ ਇਹ ਪਰੰਪਰਾ ਤੋੜ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਕਰੀਦ ਮੌਕੇ ਭਾਰਤ ਵਲੋਂ ਪਾਕਿਸਤਾਨ ਨੂੰ ਮਠਿਆਈ ਦੇਣ ਦੀ ਤਿਆਰੀ ਕੀਤੀ ਗਈ ਸੀ ਪਰ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ਼ ਦੇ ਅਧਿਕਾਰੀਆਂ ਕੋਲੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਤੈਨਾਤ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਨੇ ਇਕ-ਦੂਜੇ ਨੂੰ ਮਠਿਆਈ ਖੁਆਉਣਾ ਤਾਂ ਦੂਰ 'ਈਦ ਮੁਬਾਰਕ' ਤਕ ਨਹੀਂ ਕਿਹਾ।

ਦੱਸ ਦੇਈਏ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਕਾਰਨ ਪਾਕਿਸਤਾਨ ਕਾਫ਼ੀ ਨਾਰਾਜ਼ ਹੈ। ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਖ਼ਤਮ ਕਰ ਦਿੱਤੇ ਹਨ। ਬੱਸਾਂ ਤੇ ਰੇਲ ਗੱਡੀਆਂ ਵੀ ਬੰਦ ਕਰ ਦਿਤੀਆਂ ਹਨ। 

ਐਲਓਸੀ 'ਤੇ ਜੰਗਬੰਦੀ ਦੀ ਉਲੰਘਣਾ ਕਰਨ ਕਰ ਕੇ ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਵੀ ਭਾਰਤ ਨੇ ਪਾਕਿਸਤਾਨ ਨੂੰ ਮਠਿਆਈ ਨਹੀਂ ਦਿੱਤੀ ਸੀ। ਇਸ ਤੋਂ ਪਹਿਲਾਂ ਸਾਲ 2016 'ਚ ਹੋਈ ਸਰਜਿਕਲ ਸਟ੍ਰਾਈਕ ਤੋਂ ਬਾਅਦ ਦੀਵਾਲੀ ਮੌਕੇ ਵੀ ਬੀਐਸਐਫ ਨੇ ਪਾਕਿ ਰੇਂਜਰਾਂ ਨੂੰ ਮਠਿਆਈ ਨਹੀਂ ਦਿੱਤੀ ਸੀ।