ਹੁਣ ਪਾਕਿਸਤਾਨ ਨੇ ਵੀ ਮੰਗੀ ਭਾਰਤ ਤੋਂ ਮਲੇਰੀਆ ਦੀ ਦਵਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ।

Photo

ਨਵੀਂ ਦਿੱਲੀ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਸਾਰੇ ਦੇਸ਼ ਇਸ ਵਾਇਰਸ ਨੂੰ ਖਤਮ ਕਰਨ ਅਤੇ ਅਪਣੇ-ਅਪਣੇ ਦੇਸ਼ਵਾਸੀਆਂ ਨੂੰ ਇਸ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ‘ਤੇ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਸ ਰਿਹਾ ਹੈ।

ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਭਾਰਤ ਤੋਂ ਮਲੇਰੀਆ ਦੀ ਹਾਈਡ੍ਰੋਕਸੀਕਲੋਰੋਕਿਨ ਦਵਾਈ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹਾਈਡ੍ਰੋਕਸੀਕਲੋਰੋਕਿਨ ਦਵਾਈ ਦੀ ਪੂਰਤੀ ਲਈ ਪਾਕਿਸਤਾਨ ਤੋਂ ਇਲਾਵਾ ਮਲੇਸ਼ੀਆ ਅਤੇ ਤੁਰਕੀ ਨੇ ਵੀ ਭਾਰਤ ਨਾਲ ਸੰਪਰਕ ਕੀਤਾ ਹੈ।

ਭਾਰਤ ਦਵਾਈ ਦੀ ਸਪਲਾਈ ‘ਤੇ  ਵਿਚਾਰ ਕਰ ਰਿਹਾ ਹੈ। ਇਸ ਸਬੰਧੀ ਫੈਸਲਾ ਹੋਣਾ ਬਾਕੀ ਹੈ। ਦਰਅਸਲ ਮਲੇਰੀਆ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਹਾਈਡ੍ਰੋਕਸੀਕਲੋਰੋਕਿਨ ਦਵਾਈ ਦਾ ਸਭ ਤੋਂ ਵੱਡਾ ਨਿਰਮਾਤਾ ਹੈ। ਦੁਨੀਆ ਵਿਚ ਇਸ ਦਵਾਈ ਦੇ ਉਤਪਾਦਨ ਵਿਚ ਭਾਰਤ ਦੀ ਹਿੱਸੇਦਾਰੀ 70 ਫੀਸਦੀ ਹੈ। ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਇਲਾਜ ਵਿਚ ਲਾਭਦਾਇਕ ਮੰਨਿਆ ਜਾ ਰਿਹਾ ਹੈ।

ਭਾਰਤ ਵਿਚ ਹਰ ਮਹੀਨੇ 40 ਟਨ ਹਾਈਡ੍ਰੋਕਸੀਕਲੋਰੋਕਿਨ ਉਤਪਾਦਨ ਦੀ ਸਮਰੱਥਾ ਹੈ। ਇਹ 200-200 ਐਮਜੀ ਦੇ ਕਰੀਬ 20 ਕਰੋੜ ਟੈਬਲੇਟ ਦੇ ਬਰਾਬਰ ਹੁੰਦਾ ਹੈ।  ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 5988 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ 107 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਤੱਕ 1446 ਲੋਕ ਠੀਕ ਹੋ ਚੁੱਕੇ ਹਨ।