ਗੁਰਿੰਦਰ ਸਿੰਘ ਖਾਲਸਾ ਨੂੰ ਮਿਲਿਆ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ
ਸਿੱਖਾਂ ਦੀ ਦਸਤਾਰ ਦੀ ਪਹਿਚਾਣ ਲਈ ਵਿਦੇਸ਼ਾਂ ‘ਚ ਲੰਬੀ ਲੜਾਈ ਲੜਣ ਵਾਲੇ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਖਾਲਸਾ...
ਨਾਇਗਰਾ : ਸਿੱਖਾਂ ਦੀ ਦਸਤਾਰ ਦੀ ਪਹਿਚਾਣ ਲਈ ਵਿਦੇਸ਼ਾਂ ‘ਚ ਲੰਬੀ ਲੜਾਈ ਲੜਣ ਵਾਲੇ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਖਾਲਸਾ ਨੇ ਸਿੱਖਾਂ ਦੀ ਸ਼ਾਨ ਪੱਗ ਦੀ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ। ਖਾਲਸਾ ਨੂੰ ਇਹ ਅਵਾਰਡ ਇੰਡਿਆਨਾ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ ਦਿੱਤਾ ਹੈ। ਇਹ ਅਵਾਰਡ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ‘ਚੋਂ ਇੱਕ ਹੈ।
ਇਸ ਮੌਕੇ ਜਿੱਥੇ ਸਿੱਖ ਭਾਈਚਾਰੇ ਨਾਲ ਜੁੜੇ ਕਾਫ਼ੀ ਲੋਕ ਹਾਜ਼ਿਰ ਸਨ ਤਾਂ ਉੱਥੇ ਹੀ ਇੰਡਿਆਨਾ ਦੇ ਪੁਲਿਸ ਅਫ਼ਸਰ ਤੇ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਖਾਲਸਾ ਨੂੰ ਵਧਾਈਆਂ ਦਿੱਤੀਆਂ ਤੇ ਖਾਲਸਾ ਨਾਲ ਤਸਵੀਰਾਂ ਖਿਚਵਾਈਆਂ । ਇਸ ਮੌਕੇ ਪੰਜਾਬੀ ਭਾਈਚਾਰਾ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ। ਦਰਅਸਲ ਗੁਰਿੰਦਰ ਸਿੰਘ ਖ਼ਾਲਸਾ ਨੂੰ ਸਾਲ 2007 ਦੌਰਾਨ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ।
ਇਸ ਮੌਕੇ ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਮਰੀਕਾ ‘ਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ। ਸਾਲ 2007 ‘ਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣ ਵਾਲਾ ਨਿਯਮ ਬਦਲਣ ਲਈ ਖ਼ਾਲਸਾ ਨੇ 20,000 ਲੋਕਾਂ ਦਾ ਥਾਂ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ ਸੀ। ਹੁਣ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਮੈਗ਼ਜ਼ੀਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਜਾ ਰਿਹਾ ਹੈ।
ਖਾਲਸਾ ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਜੰਮਪਲ ਹਨ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ‘ਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।