ਜੰਗਲੀ ਅੱਗ ਦਾ ਕਹਿਰ : ਨੁਕਸਾਨ 'ਚੋਂ ਉਭਰਨ ਲਈ ਲੱਗ ਸਕਦੇ ਨੇ 100 ਸਾਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਗ ਨਾਲ 3 ਪ੍ਰਜਾਤੀਆਂ ਹੋਈਆਂ ਗਾਇਬ ਤੇ ਕਈ ਖ਼ਤਰੇ 'ਚ

file photo

ਸਿਡਨੀ : ਆਸਟ੍ਰੇਲੀਆ 'ਚ ਲੱਗੀ ਅੱਗ ਨੇ ਇਕ ਅਜਿਹਾ ਨੁਕਸਾਨ ਕਰ ਦਿਤਾ ਹੈ, ਜਿਸ ਦੀ ਭਰਪਾਈ ਨੇੜ ਭਵਿੱਖ 'ਚ ਹੋਣੀ ਮੁਸ਼ਕਲ ਜਾਪ ਰਹੀ ਹੈ। ਮਾਹਿਰਾਂ ਮੁਤਾਬਕ ਇਸ ਦੀ ਭਰਪਾਈ ਲਈ 100 ਸਾਲ ਤਕ ਦਾ ਸਮਾਂ ਲੱਗ ਸਕਦਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਤੋਂ ਲੱਗੀ ਇਸ ਅੱਗ 'ਤੇ ਭਾਵੇਂ ਹੁਣ ਕਾਬੂ ਪਾਇਆ ਜਾ ਚੁੱਕਾ ਹੈ ਪਰ ਇਸ ਦੀ ਭਿਆਨਕਤਾ ਦੇ ਨਿਸ਼ਾਨ ਅਜੇ ਵੀ ਡਰਾਉਣੇ ਦ੍ਰਿਸ਼ ਪੇਸ਼ ਕਰ ਰਹੇ ਹਨ।

ਇਸ ਅੱਗ ਨੂੰ ਬੁਝਾਉਣ 'ਚ ਬਾਰਿਸ਼ ਦੀ ਵੀ ਯੋਗਦਾਨ ਰਿਹਾ ਪਰ ਫਾਇਰ ਫਾਈਟਰਜ਼ ਨੇ ਜਿਸ ਮਿਹਨਤ ਤੇ ਔਖਿਆਈ ਨਾਲ ਹਾਲਾਤ 'ਤੇ ਕਾਬੂ ਪਾਇਆ, ਉਸ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਅੱਗ ਨਾਲ ਲਗਭਗ ਇਕ ਅਰਬ ਜਾਨਵਰਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਹਨ।

ਮਾਹਿਰਾਂ ਮੁਤਾਬਕ ਜੰਗਲਾਂ ਵਿਚੋਂ 3 ਪ੍ਰਜਾਤੀਆਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਇਨ੍ਹਾਂ ਵਿਚ ਦੱਖਣੀ ਡੱਡੂ, ਰੀਜੇਂਟ ਹਨੀਟਰ ਪੰਛੀ ਅਤੇ ਪੱਛਮੀ ਜ਼ਮੀਨ ਤੋਤਾ ਸ਼ਾਮਲ ਹਨ। ਅਨੇਕਾਂ ਜਾਨਵਰ ਜਿਵੇਂ ਕੋਆਲਾ ਤੋਂ ਇਲਾਵਾ ਵੱਖਰੀ ਕਿਸਮ ਦੇ ਕੰਗਾਰੂਆਂ ਦੀ ਗਿਣਤੀ ਵੀ ਕਾਫ਼ੀ ਘੱਟ ਗਈ ਹੈ।

ਇਸ ਅੱਗ ਨੇ ਕਰੋੜਾਂ ਦੀ ਜਾਇਦਾਦ ਨੂੰ ਸਾੜ ਕੇ ਸਵਾਹ ਕਰ ਦਿਤਾ ਹੈ। ਅੱਗ ਕਾਰਨ 28 ਵਿਅਕਤੀਆਂ ਦੀ ਮੌਤ ਤੋਂ ਇਲਾਵਾ ਕਾਫ਼ੀ ਸਾਰੇ ਆਲੀਸ਼ਾਨ ਘਰ ਵੀ ਅੱਗ ਦੀ ਭੇਂਟ ਚੜ੍ਹ ਚੁਕੇ ਹਨ। ਅੱਗ ਅਤੇ ਇਸ ਦੇ ਧੂੰਏ ਦੀਆਂ ਤਸਵੀਰਾਂ ਨਾਸਾ ਨੇ ਵੀ ਲਈਆਂ ਹਨ। ਅੱਗ ਦਾ ਧੂੰਆਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਤਕ ਜਾ ਪਹੁੰਚਿਆ ਸੀ।

ਮਾਹਿਰਾਂ ਮੁਤਾਬਕ ਇਸ ਅੱਗ ਨਾਲ ਹੋਏ ਨੁਕਸਾਨ 'ਚੋਂ ਉਭਰਨ 'ਚ ਆਸਟ੍ਰੇਲੀਆ ਨੂੰ ਇਕ ਸਦੀ ਤਕ ਦਾ ਸਮਾਂ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਫਾਇਰ ਮੁਖੀ ਮਿਕ ਕਲਾਰਕ ਦਾ ਕਹਿਣਾ ਹੈ ਕਿ ਇਸ ਅੱਗ ਕਾਰਨ ਕਈ ਖੇਤਰਾਂ ਵਿਚੋਂ ਹਰਿਆਲੀ ਬਿਲਕੁਲ ਖ਼ਤਮ ਹੋ ਚੁਕੀ ਹੈ। ਹਰ ਪਾਸੇ ਸਵਾਹ ਹੀ ਸਵਾਹ ਨਜ਼ਰ ਆਉਂਦੀ ਹੈ। ਬਾਰਿਸ਼ ਤੋਂ ਬਾਅਦ ਨਦੀਆਂ ਤੇ ਡੈਮਾਂ ਅੰਦਰ ਵੀ ਸਵਾਹ ਭਰ ਗਈ ਹੈ।