ਅਮਰੀਕੀ ਵਿਦਿਆਰਥੀਆਂ ਲਈ ਫ਼ਰਿਸ਼ਤਾ ਬਣਿਆ ਇਹ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

400 ਵਿਦਿਆਰਥੀਆਂ ਦੇ 280 ਕਰੋੜ ਦਾ ਕਰਜ਼ ਚੁਕਾਉਣਗੇ ਸਮਿਥ

Billionaire Robert F Smith to pay entire US class's student debt

ਵਾਸ਼ਿੰਗਟਨ : ਅਮਰੀਕਾ ਵਿਚ ਵਿਦਿਆਰਥੀ ਅਪਣੀ ਪੜ੍ਹਾਈ ਪੂਰੀ ਕਰਨ ਲਈ ਕਈ ਤਰ੍ਹਾਂ ਦੇ ਲੋਨ ਲੈਂਦੇ ਹਨ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਜ਼ਿਆਦਾਤਰ ਉਮਰ ਇਹ ਲੋਨ ਉਤਾਰਨ ਵਿਚ ਹੀ ਬੀਤ ਜਾਂਦੀ ਹੈ ਪਰ ਹੁਣ ਅਮਰੀਕਾ ਦੇ ਅਰਬਪਤੀ ਨਿਵੇਸ਼ਕ ਰਾਬਰਟ ਐਫ਼ ਸਮਿਥ ਵਿਦਿਆਰਥੀਆਂ ਲਈ ਫ਼ਰਿਸ਼ਤਾ ਬਣ ਕੇ ਸਾਹਮਣੇ ਆਏ ਹਨ।

ਸਮਿਥ ਨੇ ਕਿਹਾ ਹੈ ਕਿ ਉਹ ਇਸ ਸਾਲ ਮੋਰਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਲਗਭਗ 400 ਵਿਦਿਆਰਥੀਆਂ ਦਾ 280 ਕਰੋੜ ਰੁਪਏ ਦੇ ਲੋਨ ਚੁਕਾਉਣਗੇ। ਵਿਦਿਆਰਥੀਆਂ ਨੂੰ ਇਹ ਵੱਡੀ ਰਾਹਤ ਦੇਣ ਦਾ ਐਲਾਨ ਕਰਨ ਤੋਂ ਬਾਅਦ ਕਾਲਜ ਨੇ ਕਿਹਾ ਹੈ ਕਿ ਇਹ ਹੁਣ ਤਕ ਦਾ ਵਿਦਿਆਰਥੀਆਂ ਲਈ ਸੱਭ ਤੋਂ ਵੱਡਾ ਤੋਹਫ਼ਾ ਹੈ। ਮੋਰਹਾਊਸ ਕਾਲਜ ਅਸ਼ਵੇਤਾਂ ਦਾ ਕਾਲਜ ਹੈ ਅਤੇ ਸਮਿਥ ਖ਼ੁਦ ਵੀ ਅਸ਼ਵੇਤ ਹੈ ਜੋ ਅੱਠ ਪੀੜੀਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਸਮਿਥ ਵਿਸਟਾ ਇਕਵਿਟੀ ਪਾਰਟਨਰਜ਼ ਦੇ ਫ਼ਾਊਂਡਰ ਅਤੇ ਸੀਈਓ ਹਨ।

ਜਾਣਕਾਰੀ ਮੁਤਾਬਕ ਇਕ ਵਿਦਿਆਰਥੀ ਨੂੰ ਦੋ ਲੱਖ ਡਾਲਰ ਦਾ ਲੋਨ ਉਤਾਰਨ ਵਿਚ ਲਗਭਗ 25 ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਸ ਦੇ ਲਈ ਵਿਦਿਆਰਥੀ ਨੂੰ ਹਰ ਮਹੀਨੇ ਅਪਣੀ ਅੱਧੀ ਤਨਖ਼ਾਹ ਲੋਨ ਵਿਚ ਦੇਣੀ ਪਵੇਗੀ। ਅਮਰੀਕੀ ਵਿਦਿਆਰਥੀਆਂ 'ਤੇ ਲਗਭਗ 105 ਲੱਖ ਕਰੋੜ ਦਾ ਕਰਜ਼ਾ ਹੈ ਜੋ ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਇਕ ਵੱਡਾ ਕੌਮੀ ਮੁੱਦਾ ਬਣ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਕਈ ਅਹੁਦੇਦਾਰ ਇਸ 'ਤੇ ਅਪਣੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ।