ਰੂਸ ਯੂਕਰੇਨ ਨਾਲ ਜੰਗਬੰਦੀ ਲਈ ਤਿਆਰ : ਪੁਤਿਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਤਿਨ ਨੇ ਟਰੰਪ ਨਾਲ ਫ਼ੋਨ ’ਤੇ ਕੀਤੀ 2 ਘੰਟੇ ਗੱਲਬਾਤ

Russia ready for ceasefire with Ukraine: Putin

ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਨੂੰ ਬਹੁਤ ਵਧੀਆ ਦਸਿਆ ਅਤੇ ਕਿਹਾ ਕਿ ਰੂਸ ਅਤੇ ਯੂਕਰੇਨ ਤੁਰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਇਸ ਤੋਂ ਵੀ ਮਹੱਤਵਪੂਰਨ, ਯੁੱਧ ਦਾ ਅੰਤ ਹੋਵੇਗਾ। ਰੂਸ-ਯੂਕਰੇਨ ਯੁੱਧ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲਾਂਕਿ, ਹੁਣ ਉਮੀਦ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਹੈ। ਇਹ ਮੈਰਾਥਨ ਗੱਲਬਾਤ ਲਗਭਗ ਦੋ ਘੰਟੇ ਚੱਲੀ।

ਇਸ ਗੱਲਬਾਤ ਬਾਰੇ ਜਾਣਕਾਰੀ ਆਪਣੇ ਟਰੂਥ ਸੋਸ਼ਲ ’ਤੇ ਦਿੰਦੇ ਹੋਏ, ਡੋਨਾਲਡ ਟਰੰਪ ਨੇ ਲਿਖਿਆ ਕਿ ਇਹ ਬਹੁਤ ਵਧੀਆ ਗੱਲਬਾਤ ਸੀ। ਰੂਸ ਅਤੇ ਯੂਕਰੇਨ ਤੁਰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਸਭ ਤੋਂ ਮਹੱਤਵਪੂਰਨ, ਯੁੱਧ ਦਾ ਅੰਤ ਹੋ ਸਕੇਗਾ। ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਪੋਸਟ ਵਿਚ ਲਿਖਿਆ, ‘ਮੈਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੁਣੇ ਹੀ ਦੋ ਘੰਟੇ ਦੀ ਗੱਲਬਾਤ ਪੂਰੀ ਕੀਤੀ ਹੈ। ਮੇਰਾ ਮੰਨਣਾ ਹੈ ਕਿ ਇਹ ਬਹੁਤ ਵਧੀਆ ਰਿਹਾ। ਰੂਸ ਅਤੇ ਯੂਕਰੇਨ ਤੁਰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਇਸ ਤੋਂ ਵੀ ਮਹੱਤਵਪੂਰਨ, ਯੁੱਧ ਦਾ ਅੰਤ।

ਇਸ ਦੀਆਂ ਸ਼ਰਤਾਂ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਦੁਆਰਾ ਤੈਅ ਕੀਤੀਆਂ ਜਾਣਗੀਆਂ, ਕਿਉਂਕਿ ਇਹ ਸਿਰਫ ਉਦੋਂ ਹੀ ਹੋ ਸਕਦਾ ਹੈ ਜਦੋਂ ਉਨ੍ਹਾਂ ਕੋਲ ਗੱਲਬਾਤ ਬਾਰੇ ਜਾਣਕਾਰੀ ਹੋਵੇ ਜਿਸ ਬਾਰੇ ਕੋਈ ਹੋਰ ਨਹੀਂ ਜਾਣਦਾ।’ ਉਨ੍ਹਾਂ ਕਿਹਾ ਕਿ ਗੱਲਬਾਤ ਦਾ ਸੁਰ ਅਤੇ ਭਾਵਨਾ ਸ਼ਾਨਦਾਰ ਸੀ। ਜੇਕਰ ਅਜਿਹਾ ਨਾ ਹੁੰਦਾ, ਤਾਂ ਮੈਂ ਇਹ ਬਾਅਦ ਵਿਚ ਕਹਿਣ ਦੀ ਬਜਾਏ ਹੁਣੇ ਹੀ ਕਹਿੰਦਾ। ਰੂਸ ਇਸ ਭਿਆਨਕ ਖੂਨ-ਖਰਾਬੇ ਦੇ ਖਤਮ ਹੋਣ ਤੋਂ ਬਾਅਦ ਅਮਰੀਕਾ ਨਾਲ ਵੱਡੇ ਪੱਧਰ ’ਤੇ ਵਪਾਰ ਕਰਨਾ ਚਾਹੁੰਦਾ ਹੈ ਅਤੇ ਮੈਂ ਇਸ ਨਾਲ ਸਹਿਮਤ ਹਾਂ। ਰੂਸ ਲਈ ਵੱਡੀ ਗਿਣਤੀ ਵਿਚ ਨੌਕਰੀਆਂ ਅਤੇ ਦੌਲਤ ਪੈਦਾ ਕਰਨ ਦਾ ਇਕ ਬਹੁਤ ਵੱਡਾ ਮੌਕਾ ਹੈ।

ਇਸ ਦੀ ਸੰਭਾਵਨਾ ਅਸੀਮਿਤ ਹੈ। ਇਸੇ ਤਰ੍ਹਾਂ, ਯੂਕਰੇਨ ਆਪਣੇ ਦੇਸ਼ ਦੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਵਿਚ ਵਪਾਰ ਦਾ ਇਕ ਵੱਡਾ ਲਾਭਪਾਤਰੀ ਹੋ ਸਕਦਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਜਲਦੀ ਹੀ ਸ਼ੁਰੂ ਹੋਵੇਗੀ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨਾਲ ਹੋਈ ਗੱਲਬਾਤ ਤੋਂ ਤੁਰਤ ਬਾਅਦ, ਮੈਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਜਰਮਨ ਚਾਂਸਲਰ ਫਰੈਡਰਿਕ ਮਰਜ਼ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੂੰ ਇਸ ਬਾਰੇ ਸੂਚਿਤ ਕੀਤਾ। ਪੋਪ ਦੀ ਨੁਮਾਇੰਦਗੀ ਵਾਲੇ ਵੈਟੀਕਨ ਨੇ ਕਿਹਾ ਹੈ ਕਿ ਉਹ ਗੱਲਬਾਤ ਦੀ ਮੇਜ਼ਬਾਨੀ ਕਰਨ ਵਿਚ ਬਹੁਤ ਦਿਲਚਸਪੀ ਰੱਖੇਗਾ।


ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਤੁਰਕੀ ਦੇ ਇਸਤਾਂਬੁਲ ਸ਼ਹਿਰ ਵਿਚ ਯੂਕਰੇਨ ਅਤੇ ਰੂਸ ਦੇ ਵਫ਼ਦਾਂ ਵਿਚਕਾਰ ਸਿੱਧੀ ਗੱਲਬਾਤ ਹੋਈ ਸੀ। ਤਿੰਨ ਸਾਲਾਂ ਵਿਚ ਪਹਿਲੀ ਸਿੱਧੀ ਗੱਲਬਾਤ ਵਿਚ, ਰੂਸ ਅਤੇ ਯੂਕਰੇਨ ਦੇ ਵਫ਼ਦ ਦੋ ਘੰਟੇ ਤੋਂ ਵੀ ਘੱਟ ਸਮੇਂ ਤਕ ਚੱਲੀ ਇਕ ਮੀਟਿੰਗ ਵਿਚ ਸਹਿਮਤ ਹੋਏ ਕਿ ਦੋਵੇਂ ਪਾਸਿਆਂ ਤੋਂ 1,000 ਜੰਗੀ ਕੈਦੀਆਂ ਦੀ ਅਦਲਾ-ਬਦਲੀ ਕੀਤੀ ਜਾਵੇ ਅਤੇ ਚੌਥੇ ਸਾਲ ਵਿਚ ਦਾਖਲ ਹੋ ਚੁੱਕੀ ਲੜਾਈ ਨੂੰ ਖਤਮ ਕਰਨ ਦੇ ਉਦੇਸ਼ ਨਾਲ ਜੰਗਬੰਦੀ ਲਈ ਆਪਣੇ ਪ੍ਰਸਤਾਵ ਤਿਆਰ ਕੀਤੇ ਜਾਣ।