ਨਿਊਜ਼ੀਲੈਂਡ ਵਿਚ ਹਥਿਆਰ ਰੱਖਣਾ ਹੋਇਆ ਗ਼ੈਰ-ਕਾਨੂੰਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰ ਨੇ ਸ਼ੁਰੂ ਕੀਤੀ ਹਥਿਆਰ ਵਾਪਸ ਖ਼ਰੀਦਣ ਦੀ ਯੋਜਨਾ, ਦੋ ਮਸਜਿਦਾਂ 'ਤੇ ਹੋਏ ਹਮਲੇ ਤੋਂ ਬਾਅਦ ਸਖ਼ਤ ਹੋਈ ਸਰਕਾਰ

Christchurch attack: New Zealand launches gun buy-back scheme

ਵੇਲਿੰਗਟਨ : ਨਿਊਜ਼ੀਲੈਂਡ ਵਿਚ ਹੁਣ ਹਥਿਆਰ ਰੱਖਣਾ ਗ਼ੈਰ-ਕਾਨੂੰਨੀ ਹੋ ਗਿਆ ਹੈ। ਸਰਕਾਰ ਨੇ ਹਥਿਆਰਾਂ ਨੂੰ ਵਾਪਸ ਖ਼ਰੀਦਣ ਦੀ ਯੋਜਨਾ ਸ਼ੁਰੂ ਕਰ ਦਿਤੀ ਹੈ। ਲਾਈਸੈਂਸੀ ਹਥਿਆਰ ਵਾਲੇ ਲੋਕ ਛੇ ਮਹੀਨੇ ਤਕ ਅਪਣੇ ਹਥਿਆਰ ਜਮ੍ਹਾਂ ਕਰਵਾ ਸਕਦੇ ਹਨ। ਨਵੀਂ ਯੋਜਨਾ ਤਹਿਤ ਹੁਣ ਨਿਊਜ਼ੀਲੈਂਡ ਵਿਚ ਹਥਿਆਰ ਰਖਣਾ ਗ਼ੈਰ-ਕਾਨੂੰਨੀ ਹੈ ਅਤੇ ਇਸ ਸਮੇਂ ਦੌਰਾਨ ਹਥਿਆਰ ਜਮ੍ਹਾਂ ਕਰਾਉਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਜੇ ਕੋਈ ਵਿਅਕਤੀ ਪਾਬੰਦੀਸ਼ੁਦਾ ਹਥਿਆਰ ਅਪਣੇ ਕੋਲ ਰਖਦਾ ਹੈ ਤਾਂ ਉਸ ਨੂੰ ਲਗਭਗ ਪੰਜ ਸਾਲ ਤਕ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਸ ਯੋਜਨਾ ਲਈ ਸਰਕਾਰ ਨੇ 994 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹੋਏ ਹਮਲੇ ਤੋਂ ਬਾਅਦ ਦੇਸ਼ ਵਿਚ ਖ਼ਤਰਨਾਕ ਹਥਿਆਰਾਂ 'ਤੇ ਕੰਟਰੋਲ ਕਰਨ ਲਈ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਹਮਲੇ ਵਿਚ 51 ਮੁਸਲਮਾਨਾਂ ਦੀ ਮੌਤ ਹੋ ਗਈ ਸੀ। ਪੁਲਿਸ ਮੰਤਰੀ ਸਟੂਅਰਟ ਨੈਸ਼ ਨੇ ਕਿਹਾ ਕਿ ਹਥਿਆਰ ਵਾਪਸ ਖ਼ਰੀਦਣ ਦੀ ਯੋਜਨਾ ਦਾ ਇਕਲੌਤਾ ਮਕਸਦ ਖ਼ਤਰਨਾਕ ਹਥਿਆਰਾਂ ਦੇ ਵਾਧੇ ਨੂੰ ਰੋਕਣਾ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ 15 ਮਾਰਚ ਨੂੰ ਹੋਏ ਹਮਲਿਆਂ ਤੋਂ ਬਾਅਦ ਨਿਊਜ਼ੀਲੈਂਡ ਦੇ ਹਥਿਆਰ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਦਾ ਪ੍ਰਣ ਕੀਤੀ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਤਿੰਨ ਮਹੀਨਿਆਂ ਦੇ ਦੌਰਾਨ ਹੀ ਇਸ 'ਤੇ ਕਾਫ਼ੀ ਤੇਜ਼ੀ ਨਾਲ ਕੰਮ ਕਰ ਕੇ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਤਾਕਿ ਦੇਸ਼ ਵਿਚ ਕ੍ਰਾਈਸਟਚਰਚ ਵਰਗੇ ਹਮਲੇ ਮੁੜ ਤੋਂ ਨਾ ਹੋਣ। ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਦੁਖ ਦਾ ਪ੍ਰਗਟਾਵਾ ਕੀਤਾ ਸੀ।