ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਵੱਲੋਂ 2024 ਵਿੱਚ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੰਗਲਵਾਰ ਨੂੰ ਰਾਮਾਸਵਾਮੀ ਨੇ ਫ਼ੈਡਰਲ ਚੋਣ ਕਮਿਸ਼ਨ ਕੋਲ ਉਮੀਦਵਾਰੀ ਦਾ ਬਿਆਨ ਦਾਇਰ ਕੀਤਾ

Image

 

ਵਾਸ਼ਿੰਗਟਨ - ਭਾਰਤੀ-ਅਮਰੀਕੀ ਤਕਨੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਐਲਾਨ ਕੀਤਾ ਹੈ ਕਿ ਉਹ 2024 ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਚੋਣ ਲੜ ਰਹੇ ਹਨ।

ਮੰਗਲਵਾਰ ਨੂੰ ਲਾਂਚ ਕੀਤੇ ਗਏ ਇੱਕ ਵੀਡੀਓ ਵਿੱਚ, 37 ਸਾਲਾ ਵਿਵੇਕ ਨੇ ਕਿਹਾ, "ਅਸੀਂ ਆਪਣੀ 'ਵਿਭਿੰਨਤਾ' ਨੂੰ ਐਨਾ ਮਾਣਿਆ ਹੈ ਕਿ ਅਸੀਂ ਉਹ ਸਾਰੇ ਤਰੀਕਿਆਂ ਨੂੰ ਭੁੱਲ ਗਏ ਹਾਂ ਜੋ ਅਸਲ ਵਿੱਚ ਸਾਡੇ ਅਮਰੀਕੀ ਹੋਣ ਨਾਲ ਜੁੜੇ ਹਨ। ਅਸੀਂ 250 ਸਾਲ ਪੁਰਾਣੇ ਲੋਕਾਂ ਦਾ ਉਹ ਸਮੂਹ ਹਾਂ, ਜਿਹੜੇ ਵੰਡੇ ਹੋਏ ਲੋਕਾਂ ਨੂੰ ਜੋੜਨ ਵਾਲੇ ਆਦਰਸ਼ਾਂ ਨਾਲ ਇੱਕਜੁੱਟ ਕੀਤੇ ਹੋਏ ਹਨ। ਮੈਂ ਆਪਣੇ ਰੋਮ-ਰੋਮ 'ਚ ਇਨ੍ਹਾਂ ਆਦਰਸ਼ਾਂ ਦੀ ਹੋਂਦ ਨੂੰ ਅੱਜ ਵੀ ਮਹਿਸੂਸ ਕਰਦਾ ਹਾਂ। ਉਨ੍ਹਾਂ ਹੀ ਆਦਰਸ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਮੈਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਅੱਗੇ ਆ ਰਿਹਾ ਹਾਂ।"

ਰਾਮਾਸਵਾਮੀ ਦੇ ਮਾਤਾ-ਪਿਤਾ ਪਲੱਕੜ, ਕੇਰਲਾ ਦੇ ਵਡਾਕੇਨਚੇਰੀ ਤੋਂ ਅਮਰੀਕਾ 'ਚ ਆ ਕੇ ਵਸੇ ਸਨ, ਅਤੇ ਉਸ ਨੇ ਸਟ੍ਰਾਈਵ ਐਸੇਟ ਮੈਨੇਜਮੈਂਟ ਦੀ ਸਹਿ-ਸਥਾਪਨਾ ਕੀਤੀ ਅਤੇ ਵਰਤਮਾਨ ਵਿੱਚ ਉਸ ਦੇ ਕਾਰਜਕਾਰੀ ਚੇਅਰਮੈਨ ਵਜੋਂ ਕਾਰਜਸ਼ੀਲ ਹੈ। 

ਇਸ ਤੋਂ ਪਹਿਲਾਂ, ਉਹ ਬਾਇਓਫ਼ਾਰਮਾਸਿਊਟੀਕਲ ਕੰਪਨੀ ਰੋਇਵੈਂਟ ਸਾਇੰਸਜ਼ ਦੀ ਸਥਾਪਨਾ ਵੀ ਕਰ ਚੁੱਕਿਆ ਹੈ। 

ਅਗਸਤ 2021 ਵਿੱਚ ਪ੍ਰਕਾਸ਼ਿਤ 'ਵੋਕ, ਇੰਕ. ਇਨਸਾਈਡ ਕਾਰਪੋਰੇਟ ਅਮੇਰਿਕਾਜ਼ ਸੋਸ਼ਲ ਜਸਟਿਸ ਸਕੈਮ" ਅਤੇ 'ਨੇਸ਼ਨ ਆਫ਼ ਵਿਕਟਿਮਜ਼: ਆਈਡੈਂਟਿਟੀ ਪਾਲੀਟਿਕਸ, ਦ ਡੈੱਥ ਆਫ਼ ਮੈਰਿਟ, ਅਤੇ ਸਤੰਬਰ 2022 'ਚ ਪ੍ਰਕਾਸ਼ਿਤ 'ਦ ਪਾਥ ਬੈਕ ਟੂ ਐਕਸਿਲੈਂਸ' ਕਿਤਾਬਾਂ ਦਾ ਲੇਖਕ ਵੀ ਹੈ। 

ਰਾਮਾਸਵਾਮੀ ਨੇ ਮੰਗਲਵਾਰ ਨੂੰ ਫ਼ੈਡਰਲ ਚੋਣ ਕਮਿਸ਼ਨ ਕੋਲ ਉਮੀਦਵਾਰੀ ਦਾ ਬਿਆਨ ਦਾਇਰ ਕੀਤਾ ਅਤੇ ਵੀਰਵਾਰ ਨੂੰ ਉਹ ਆਇਓਵਾ ਵਿੱਚ ਪੋਲਕ ਕਾਉਂਟੀ ਰਿਪਬਲਿਕਨ ਸਮਾਗਮ ਵਿੱਚ ਸੰਬੋਧਨ ਕਰਨ ਵਾਲਾ ਹੈ।

ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਆਪਣੀ ਦਾਅਵੇਦਾਰੀ ਸ਼ੁਰੂ ਕਰਨ ਵਾਲੀ ਦੂਜੀ ਭਾਰਤੀ-ਅਮਰੀਕੀ ਨਿੱਕੀ ਹੈਲੀ ਹੈ, ਜੋ ਕਿ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤੀਨਿਧੀ ਹੈ।