ਮੁਸ਼ੱਰਫ਼ ਨੇ ਅਦਾਲਤ 'ਚ ਪੇਸ਼ ਹੋਣ ਲਈ ਮੰਗੀ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਦੇਸ਼ਧ੍ਰੋਹ ਦੇ ਇਕ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ.............

Pervez Musharraf

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਦੇਸ਼ਧ੍ਰੋਹ ਦੇ ਇਕ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਪਣੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਇਹ ਮੰਗ ਕੀਤੀ ਹੈ। ਇਕ ਰਿਪੋਰਟ ਮੁਤਾਬਕ ਸੋਮਵਾਰ ਨੂੰ ਸੁਣਵਾਈ ਦੌਰਾਨ ਮੁਸ਼ੱਰਫ਼ ਦੇ ਵਕੀਲ ਅਖ਼ਤਰ ਸ਼ਾਹ ਨੇ ਜਸਟਿਸ ਯਾਵਰ ਅਲੀ ਦੀ ਅਗਵਾਈ ਵਾਲੀ ਦੋ ਮੈਂਬਰੀ ਵਿਸ਼ੇਸ਼ ਅਦਾਲਤੀ ਬੈਂਚ ਨੂੰ ਦਸਿਆ ਕਿ ਜੇਕਰ ਉਨ੍ਹਾਂ ਦੇ ਮੁਵੱਕਲ ਨੂੰ ਰੱਖਿਆ ਮੰਤਰਾਲਾ ਵਲੋਂ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ

ਤਾਂ ਉਹ ਪਰਤਣਗੇ ਅਤੇ ਅਦਾਲਤ ਦੇ ਸਾਹਮਣੇ ਪੇਸ਼ ਹੋਣਗੇ। ਸ਼ਾਹ ਨੇ ਕਿਹਾ ਕਿ ਮੁਸ਼ੱਰਫ਼ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ 'ਤੇ ਦੋ ਵਾਰ ਜਾਨਲੇਵਾ ਹਮਲਾ ਹੋ ਚੁੱਕਿਆ ਹੈ। ਪਹਿਲੀ ਵਾਰ ਇਸਲਾਮਾਬਾਦ ਅਦਾਲਤ ਵਿਚ ਅਤੇ ਦੂਜੀ ਵਾਰ ਅਕਬਰ ਬੁਗਤੀ ਦੇ ਮਾਮਲੇ ਦੀ ਸੁਣਵਾਈ ਦੌਰਾਨ। ਇਸ ਦੇ ਜਵਾਬ ਵਿਚ ਬੈਂਚ ਦੇ ਇਕ ਮੈਂਬਰ ਨੇ ਕਿਹਾ ਕਿ ਮੁਸ਼ੱਰਫ਼ ਦੇ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।  ਤਿੰਨ ਨਵੰਬਰ 2007 ਨੂੰ ਸੰਵਿਧਾਨ 'ਤੇ ਰੋਕ ਲਗਾਉਣ ਦੇ ਮਮਾਲੇ ਵਿਚ ਮੁਸ਼ੱਰਫ਼ 'ਤੇ ਵਿਸ਼ੇਸ਼ ਅਦਾਲਤ ਨੇ 31 ਮਾਰਚ 2014 ਨੂੰ ਮੁਕੱਦਮਾ ਚਲਾਇਆ ਸੀ।

ਉਹ ਮਾਰਚ 2016 ਵਿਚ ਇਲਾਜ ਕਰਵਾਉਣ ਲਈ ਦੁਬਈ ਚਲੇ ਗਏ ਸਨ ਅਤੇ ਉਦੋਂ ਤੋਂ ਵਾਪਸ ਨਹੀਂ ਪਰਤੇ ਹਨ। ਦਸ ਦਈਏ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਆਮ ਚੋਣਾਂ ਲੜਨ ਤੋਂ ਵੀ ਇਨਕਾਰ ਕਰ ਦਿਤਾ ਸੀ। ਹੁਣ ਜਦੋਂ ਪਾਕਿਸਤਾਨ ਵਿਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੀ ਸਰਕਾਰ ਬਣ ਗਈ ਹੈ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ ਤਾਂ ਮੁਸ਼ੱਰਫ਼ ਨੇ ਅਦਾਲਤ ਵਿਚ ਅਰਜੀ ਦੇ ਕੇ ਪੇਸ਼ ਹੋਣ ਲਈ ਵਿਸ਼ੇਸ਼ ਸੁਰੱਖਿਆ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਦੇ ਲਈ ਸਰਕਾਰ ਨੂੰ ਆਖਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਮੁਸ਼ੱਰਫ਼ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਜਾਂ ਨਹੀਂ?