ਆਦਤ ਤੋਂ ਮਜਬੂਰ ਹਨ ਟਰੰਪ, 2 ਸਾਲ ਵਿਚ ਬੋਲੇ 8158 ਤੋਂ ਜ਼ਿਆਦਾ ਝੂਠ!

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਅਪਣੇ ਝੂਠੇ ਦਾਅਵਿਆਂ ਅਤੇ ਗਲਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ।

US President Donald Trump

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਪਣੇ ਝੂਠੇ ਦਾਅਵਿਆਂ ਅਤੇ ਗਲਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਹਨਾਂ ਨੇ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਇਕ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਲੈ ਕੇ ਉਹਨਾਂ ਦੀ ਦੁਨੀਆ ਭਰ ਵਿਚ ਅਲੋਚਨਾ ਹੋ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਟਰੰਪ ਦੇ ਇਸ ਬਿਆਨ ਨੂੰ ਭਾਰਤ ਨੇ ਵੀ ਖ਼ਾਰਜ ਕੀਤਾ ਹੈ।

ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ 8,158 ਬਾਰ ਝੂਠੇ ਜਾਂ ਗੁੰਮਰਾਹ ਕਰਨ ਵਾਲੇ ਦਾਅਵੇ ਕਰ ਚੁੱਕੇ ਹਨ। ਕਈ ਮੀਡੀਆ ਰਿਪੋਰਟਾਂ ਵਿਚ ਇਹ ਗੱਲ ਕਹੀ ਗਈ ਹੈ। ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਜਨਵਰੀ ਵਿਚ ਟਰੰਪ ਪ੍ਰਸ਼ਾਸਨ ਦੇ ਦੋ ਸਾਲ ਪੂਰੇ ਹੋਣ ‘ਤੇ ਅਜਿਹੀ ਹੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਅਪਣੇ ਕਾਰਜਕਾਲ ਦੇ ਪਹਿਲੇ ਸਾਲ ਹਰ ਦਿਨ ਔਸਤਨ ਕਰੀਬ 6 ਵਾਰ ਗੁੰਮਰਾਹ ਕਰਨ ਵਾਲੇ ਦਾਅਵੇ ਕੀਤੇ, ਜਦਕਿ ਦੂਜੇ ਸਾਲ ਉਹਨਾਂ ਨੇ ਤਿੰਨ ਗੁਣਾ ਤੇਜ਼ੀ ਨਾਲ ਹਰ ਦਿਨ ਅਜਿਹੇ ਕਰੀਬ 17 ਦਾਅਵੇ ਕੀਤੇ।

ਅਖ਼ਬਾਰ ਨੇ ਅਪਣੀ ਰਿਪੋਰਟ ਵਿਚ ‘ਫੈਕਟ ਚੈਕਰ’ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਹ ‘ਫੈਕਟ ਚੈਕਰ’ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਹਰ ਸ਼ੱਕੀ ਬਿਆਨ ਦਾ ਵਿਸ਼ਲੇਸ਼ਣ, ਵਰਗੀਕਰਨ ਅਤੇ ਪਤਾ ਲਗਾਉਣ ਦਾ ਕੰਮ ਕਰਦਾ ਹੈ। ‘ਫੈਕਟ ਚੈਕਰ’ ਦੇ ਅੰਕੜਿਆਂ ਮੁਤਾਬਕ ਟਰੰਪ ਰਾਸ਼ਟਰਪਤੀ ਬਣਨ ਤੋਂ ਲੈ ਕੇ ਹੁਣ ਤੱਕ 8,158 ਵਾਰ ਝੂਠੇ ਅਤੇ ਗੁੰਮਰਾਹ ਕਰਨ ਵਾਲੇ ਦਾਅਵੇ ਕਰ ਚੁੱਕੇ ਹਨ। ਅਖ਼ਬਾਰ ਨੇ ਕਿਹਾ ਕਿ ਇਸ ਵਿਚ ਰਾਸ਼ਟਰਪਤੀ ਦੇ ਦੂਜੇ ਸਾਲ ਕੀਤੇ ਗਏ ਅਜਿਹੇ 6000 ਤੋਂ ਜ਼ਿਆਦਾ ਹੈਰਾਨੀਜਨਕ ਦਾਅਵੇ ਸ਼ਾਮਲ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਸਭ ਤੋਂ ਜ਼ਿਆਦਾ ਗੁੰਮਰਾਹ ਕਰਨ ਵਾਲੇ ਦਾਅਵੇ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੇ ਹਨ। ਇਸ ਬਾਰੇ ਉਹ ਹੁਣ ਤੱਕ 1,433 ਦਾਅਵੇ ਕਰ ਚੁੱਕੇ ਹਨ, ਜਿਨ੍ਹਾਂ ਵਿਚ ਬੀਤੇ ਤਿੰਨ ਹਫ਼ਤਿਆਂ ਦੌਰਾਨ ਕੀਤੇ ਗਏ 300 ਦਾਅਵੇ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਵਿਦੇਸ਼ ਯੋਜਨਾ ਨੂੰ ਲੈ ਕੇ 900 ਦਾਅਵੇ ਕਰ ਚੁੱਕੇ ਹਨ। ਇਸ ਤੋਂ ਬਾਅਦ ਵਪਾਰਕ (854), ਅਰਥ ਵਿਵਸਥਾ (790) ਅਤੇ ਨੌਕਰੀਆਂ (755) ਦਾ ਨੰਬਰ ਆਉਂਦਾ ਹੈ।

ਇਸ ਤੋਂ ਇਲਾਵਾ ਹੋਰ ਮਾਮਲਿਆਂ ਨੂੰ ਲੈ ਕੇ ਉਹ 899 ਵਾਰ ਦਾਅਵੇ ਕਰ ਚੁੱਕੇ ਹਨ, ਜਿਸ ਵਿਚ ਮੀਡੀਆ ਅਤੇ ਅਪਣੇ ਦੁਸ਼ਮਣ ਕਹੇ ਜਾਣ ਵਾਲੇ ਲੋਕਾਂ ‘ਤੇ ਗੁੰਮਰਾਹ ਕਰਨ ਵਾਲੇ ਹਮਲੇ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ ਸਿਰਫ਼ 82 ਦਿਨ ਜਾਂ ਅਪਣੇ ਕਾਰਜਕਾਲ ਦੇ ਕਰੀਬ 11 ਫੀਸਦੀ ਸਮੇਂ ਵਿਚ ਹੀ ਟਰੰਪ ਦਾ ਕੋਈ ਦਾਅਵਾ ਦਰਜ ਨਹੀਂ ਕੀਤਾ ਗਿਆ। ਇਸ ਵਿਚ ਜ਼ਿਆਦਾਤਰ ਉਹ ਸਮਾਂ ਹੈ, ਜਿਸ ਵਿਚ ਉਹ ਗੋਲਫ਼ ਖੇਡਣ ਵਿਚ ਰੁੱਝੇ ਰਹਿੰਦੇ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ