ਬਗ਼ਦਾਦੀ ਨੇ ਜਾਰੀ ਕੀਤਾ ਨਵਾਂ ਸੰਦੇਸ਼
ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ 11 ਮਹੀਨੇ ਬਾਅਦ ਇਕ ਵਾਰੀ..............
ਬਗ਼ਦਾਦ : ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ 11 ਮਹੀਨੇ ਬਾਅਦ ਇਕ ਵਾਰੀ ਫਿਰ ਉਸ ਦੀ ਕਥਿਤ ਆਡੀਉ ਕਲਿਪ ਸਾਹਮਣੇ ਆਈ ਹੈ। ਇਸ ਨਵੀਂ ਆਡੀਉ ਰੀਕਾਰਡਿੰਗ 'ਚ ਉਸ ਨੇ ਅਪਣੇ ਹਮਾਇਤੀਆਂ ਨੂੰ ਇਰਾਕ ਅਤੇ ਸੀਰੀਆ 'ਚ ਹੋਏ ਨੁਕਸਾਨ ਦੇ ਬਾਵਜੂਦ 'ਸਬਰ ਕਰਦੇ ਹੋਏ ਡਟੇ ਰਹਿਣ' ਨੂੰ ਕਿਹਾ ਹੈ। ਆਈ.ਐਸ.ਆਈ.ਐਸ. ਦੀ ਮੀਡੀਆ ਬ੍ਰਾਂਚ ਅਲ-ਫ਼ੁਰਕਾਨ ਨੇ ਬੁਧਵਾਰ ਨੂੰ 55 ਮਿੰਟਾਂ ਦੀ ਇਹ ਰੀਕਾਰਡਿੰਗ ਜਾਰੀ ਕੀਤੀ।
ਇਰਾਕ ਦੇ ਸ਼ਹਿਰ ਮੋਸੁਲ 'ਚ ਮਹਾਨ ਅਲ-ਨੂਰੀ ਮਸਜਿਦ ਤੋਂ ਖ਼ੁਦ ਨੂੰ 'ਖ਼ਲੀਫ਼ਾ' ਐਲਾਨ ਕਰਨ ਤੋਂ ਬਾਅਦ ਬਗ਼ਦਾਦੀ ਨੂੰ ਆਖ਼ਰੀ ਵਾਰੀ ਜਨਤਕ ਤੌਰ 'ਤੇ ਜੁਲਾਈ 2014 'ਚ ਵੇਖਿਆ ਗਿਆ ਸੀ। ਉਸ ਦਾ ਅੰਤਮ ਸੰਦੇਸ਼ ਸਤੰਬਰ, 2017 'ਚ ਜਾਰੀ ਕੀਤਾ ਗਿਆ ਸੀ। ਮਾਹਰਾਂ ਦਾ ਮੰਨਣਾ ਹੈ ਕਿ ਨਵੀਂ ਰੀਕਾਰਡਿੰਗ 'ਚ ਆਵਾਜ਼ ਪੁਰਾਣੇ ਸੰਦੇਸ਼ਾਂ 'ਚ ਸੁਣੀ ਆਵਾਜ਼ ਨਾਲ ਮਿਲਦੀ ਹੈ। ਬਗ਼ਦਾਦੀ ਨੇ ਅਪਣੇ ਤਾਜ਼ਾ ਸੰਦੇਸ਼ 'ਚ ਪਛਮੀ ਦੇਸ਼ਾਂ 'ਤੇ ਹਮਲੇ ਦਾ ਸੱਦਾ ਦਿਤਾ ਹੈ।
ਉਸ ਨੇ ਅਪਣੇ ਅਤਿਵਾਦੀਆਂ ਨੂੰ ਲੋਕਾਂ ਨੂੰ ਗੱਡੀਆਂ ਹੇਠ ਦਰੜਨ ਲਈ ਵੀ ਕਿਹਾ ਹੈ। ਨਾਲ ਹੀ ਉਸ ਨੇ ਜਾਰਡਨ ਦੀ ਸਰਕਾਰ ਨੂੰ ਡੇਗਣ ਲਈ ਵੀ ਕਿਹਾ ਜੋ ਅਮਰੀਕਾ ਅਤੇ ਬਰਤਾਨੀਆ ਦੀ ਮਦਦ ਕਰ ਰਹੀ ਹੈ। ਉਸ ਨੇ ਪਛਮੀ ਏਸ਼ੀਆ ਅਤੇ ਅਫ਼ਰੀਕਾ 'ਚ ਅਪਣੇ ਹਮਾਇਤੀਆਂ ਨੂੰ ਵੀ ਕਿਹਾ ਕਿ ਅੱਲਾਹ ਦੀ ਰਹਿਮਤ ਨਾਲ ਖ਼ਲੀਫ਼ਾ ਬਣਿਅ ਰਹੇਗਾ। (ਏਜੰਸੀਆਂ)