ਮਾਰਿਆ ਗਿਆ ਸ੍ਰੀਲੰਕਾ ਧਮਾਕਿਆਂ ਦਾ ਮੁੱਖ ਹਮਲਾਵਰ : ਮੈਤਰੀਪਾਲਾ ਸਿਰੀਸੇਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਹਰਾਨ ਹਾਸ਼ਿਮ ਦੀ ਸ਼ੰਗਰੀ-ਲਾ ਹੋਟਲ ਵਿਚ ਹੋਏ ਧਮਾਕੇ 'ਚ ਹੋਈ ਮੌਤ

Sri Lanka attacks: Zahran Hashim died in hotel attack

ਕੋਲੰਬੋ : ਸ਼ੀ੍ਲੰਕਾ 'ਚ ਹੋਏ ਬੰਬ ਧਮਾਕਿਆਂ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਇਸਲਾਮਿਕ ਸਟੇਟ ਦੇ ਅਤਿਵਾਦੀ ਦੀ ਕੋਲੰਬੋ ਦੇ ਹੋਟਲ ਵਿਚ ਹੋਏ ਧਮਾਕੇ 'ਚ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਦੇਸ਼ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਕੀਤੀ। ਪੱਤਰਕਾਰਾਂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਖੁਫ਼ੀਆ ਏਜੰਸੀਆਂ ਨੇ ਮੈਨੂੰ ਜਿਹੜੀ ਜਾਣਕਾਰੀ ਦਿੱਤੀ ਹੈ, ਉਸ ਮੁਤਾਬਕ ਜਾਹਰਾਨ ਹਾਸ਼ਿਮ ਦੀ ਸ਼ੰਗਰੀ-ਲਾ ਹੋਟਲ ਵਿਚ ਹੋਏ ਧਮਾਕੇ 'ਚ ਮੌਤ ਹੋ ਗਈ ਹੈ।

ਇਸਲਾਮਿਕ ਸਟੇਟ ਸੰਗਠਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਇਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਆਤਮਘਾਤੀ ਹਮਲਾਵਰ ਅਤਿਵਾਦੀ ਸੰਗਠਨ ਦੀ ਸਾਦੀ ਵਰਦੀ 'ਚ ਨਜ਼ਰ ਆ ਰਹੇ ਸਨ। ਇਸੇ ਵੀਡੀਓ 'ਚ ਹਾਸ਼ਿਮ ਵੀ ਨਜ਼ਰ ਆਇਆ ਸੀ, ਪਰ ਹਮਲਿਆਂ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ। ਸਿਰੀਸੇਨਾ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਹਾਸ਼ਿਮ ਨੇ ਬੰਬ ਧਮਾਕਿਆਂ 'ਚ ਕੀ ਭੂਮਿਕਾ ਨਿਭਾਈ ਸੀ।

ਸਰਕਾਰ ਨੇ ਜਦੋਂ ਹਾਸ਼ਿਮ ਦੇ ਸੰਗਠਨ ਨੈਸ਼ਨਲ ਤੌਹੀਦ ਜਮਾਤ ਦਾ ਧਮਾਕਿਆਂ ਪਿੱਛੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ, ਉਦੋਂ ਤੋਂ 40 ਸੁਰੱਖਿਆ ਏਜੰਸੀਆਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਆਈ.ਐਸ. ਨੇ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਸ 'ਚ ਹਾਸ਼ਿਮ ਸਮੇਤ 7 ਅਤਿਵਾਦੀਆਂ ਨੂੰ ਵਿਖਾਇਆ ਗਿਆ ਹੈ।

ਸਾਰੇ ਅਤਿਵਾਦੀ ਸਹੁੰ ਚੁੱਕਣ ਸਮੇਂ ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲਿਆਂ ਦਾ ਬਦਲਾ ਲੈਣ ਦੀ ਗੱਲ ਕਰ ਰਹੇ ਸਨ। ਸਿਰੀਸੇਨਾ ਨੇ ਦੱਸਿਆ ਕਿ ਹਾਸ਼ਿਮ ਨੇ ਇਕ ਹੋਟਲ 'ਤੇ ਹਮਲਾ ਕਰਨ ਦੀ ਅਗਵਾਈ ਕੀਤੀ ਅਤੇ ਉਸ ਦੇ ਨਾਲ ਇਲਹਾਮ ਨਾਂ ਦਾ ਦੂਜਾ ਹਮਲਾਵਰ ਵੀ ਸੀ। ਜ਼ਿਕਰਯੋਗ ਹੈ ਕਿ ਸ੍ਰੀਲੰਕਾ 'ਚ ਇਸਟਰ ਵਾਲੇ ਦਿਨ ਤਿੰਨ ਚਰਚਾਂ ਅਤੇ ਹੋਟਲਾਂ 'ਤੇ ਹਮਲੇ ਵਿਚ 250 ਤੋਂ ਵੱਧ ਲੋਕ ਮਾਰੇ ਗਏ ਸਨ।