ਚੀਨ 'ਚ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਨੇੜੇ ਧਮਾਕਾ
ਚੀਨ ਦੀ ਰਾਜਧਾਨੀ ਬੀਜਿੰਗ 'ਚ ਸਥਿਤ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ 26 ਸਾਲਾ ਵਿਅਕਤੀ ਨੇ ਧਮਾਕਾ ਕੀਤਾ.....................
ਬੀਜਿੰਗ : ਚੀਨ ਦੀ ਰਾਜਧਾਨੀ ਬੀਜਿੰਗ 'ਚ ਸਥਿਤ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ 26 ਸਾਲਾ ਵਿਅਕਤੀ ਨੇ ਧਮਾਕਾ ਕੀਤਾ, ਜਿਸ 'ਚ ਉਸ ਦਾ ਹੱਥ ਜ਼ਖ਼ਮੀ ਹੋ ਗਿਆ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਚੀਨੀ ਪੁਲਿਸ ਨੇ ਦਸਿਆ ਕਿ ਘਟਨਾ 'ਚ ਉਸ ਤੋਂ ਇਲਾਵਾ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਇਹ ਘਟਨਾ ਉਸ ਥਾਂ ਨੇੜੇ ਹੋਈ ਹੈ, ਜਿਥੇ ਇੰਟਰਵਿਊ ਲਈ ਵੀਜ਼ਾ ਆਵੇਦਕਾਂ ਦੀ ਕਤਾਰ ਲਗਦੀ ਹੈ। ਪੁਲਿਸ ਨੇ ਦਸਿਆ ਕਿ ਵਿਅਕਤੀ ਚੀਨ ਦੇ ਮੰਗੋਲੀਆ ਖੇਤਰ ਦਾ ਰਹਿਣ ਵਾਲਾ ਹੈ। ਉਸ ਦਾ ਉਪ ਨਾਂ ਜ਼ਿਆਂਗ ਹੈ। ਉਨ੍ਹਾਂ ਦਸਿਆ ਕਿ ਧਮਾਕੇ 'ਚ ਉਸ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ। ਘਟਨਾ ਦੇ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸਾਰਤ ਕੀਤੀ
ਗਈ ਵੀਡੀਉ ਕਲਿਪ 'ਚ ਬੀਜਿੰਗ ਸਥਿਤ ਸਫ਼ਾਰਤਖ਼ਾਨੇ 'ਚੋਂ ਧੂੰਆਂ ਉਠਦਾ ਵਿਖਾਈ ਦਿਤਾ। ਇਕ ਚਸ਼ਮਦੀਦ ਨੇ ਦਸਿਆ, ''ਅਸੀ ਦੁਪਹਿਰ ਲਗਭਗ ਇਕ ਵਜੇ ਧਮਾਕੇ ਦੀ ਤੇਜ਼ ਆਵਾਜ਼ ਸੁਣੀ। ਅਸੀ ਵੇਖਣ ਲਈ ਸੜਕ 'ਤੇ ਆਏ, ਪਰ ਪੁਲਿਸ ਨੇ ਛੇਤੀ ਹੀ ਇਲਾਕੇ ਦੀ ਘੇਰਾਬੰਦੀ ਕਰ ਦਿਤੀ।'' ਚੀਨ ਦੇ ਸਰਕਾਰੀ ਸੈਂਸਰਸ਼ਿਪ ਸੰਗਠਨ ਨੇ ਤੇਜ਼ੀ ਨਾਲ ਵੇਇਬੋ 'ਤੇ 'ਯੂ.ਐਸ. ਅੰਬੈਸੀ' ਸ਼ਬਦ ਦੀ ਖੋਜ ਨੂੰ ਬਲਾਕ ਕਰ ਦਿਤਾ। ਏ.ਐਫ.ਪੀ. ਦੇ ਪੱਤਰਕਾਰ ਨੇ ਦਸਿਆ ਕਿ ਵੀਜ਼ਾ ਦਫ਼ਤਰ ਨੇ ਘਟਨਾ ਦੇ ਕੁੱਝ ਦੇਰ ਬਾਅਦ ਹੀ ਫਿਰ ਅਪਣਾ ਕੰਮ ਸ਼ੁਰੂ ਕਰ ਦਿਤਾ। ਇਹ ਘਟਨਾ ਬੀਜਿੰਗ ਦੇ ਬਾਹਰੀ ਇਲਾਕੇ 'ਚ ਹੋਈ ਹੈ। ਇਸੇ ਇਲਾਕੇ 'ਚ ਅਮਰੀਕਾ, ਭਾਰਤ, ਇਜ਼ਰਾਇਲ ਸਮੇਤ ਕਈ ਦੇਸ਼ਾਂ ਦੇ ਸਫ਼ਾਰਤਖ਼ਾਨੇ ਹਨ। (ਪੀਟੀਆਈ)