ਲਾਓਸ 'ਚ ਬੰਨ੍ਹ ਟੁੱਟਣ ਕਾਰਨ 19 ਲੋਕ ਡੁੱਬੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਖਣੀ-ਪੂਰਬੀ ਏਸ਼ੀਆ ਸਥਿਤ ਦੇਸ਼ ਲਾਓਸ 'ਚ ਨਿਰਮਾਣ ਅਧੀਨ ਪਣ-ਬਿਜਲੀ ਬੰਨ੍ਹ ਦੇ ਟੁੱਟ ਜਾਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਅਤੇ 6000 ਤੋਂ ਵੱਧ ਲੋਕ ਬੇਘਰ ਹੋ ਗਏ.........

Laos Dam

ਬੈਂਕਾਕ : ਦਖਣੀ-ਪੂਰਬੀ ਏਸ਼ੀਆ ਸਥਿਤ ਦੇਸ਼ ਲਾਓਸ 'ਚ ਨਿਰਮਾਣ ਅਧੀਨ ਪਣ-ਬਿਜਲੀ ਬੰਨ੍ਹ ਦੇ ਟੁੱਟ ਜਾਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਅਤੇ 6000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਦਖਣੀ ਕੋਰੀਆ ਨੇ ਬਚਾਅ ਕੰਮਾਂ 'ਚ ਮਦਦ ਲਈ ਇਕ ਐਮਰਜੈਂਸੀ ਰਾਹਤ ਟੀਮ ਭੇਜੀ ਹੈ।  ਬੰਨ੍ਹ ਟੁੱਟਣ ਦੀ ਇਹ ਘਟਨਾ ਸੋਮਵਾਰ ਰਾਤ 8 ਵਜੇ ਦਖਣੀ-ਪੂਰਬੀ ਅੱਤਾਪੂ ਸੂਬੇ ਦੇ ਸਨਾਮਕਸੇ ਜ਼ਿਲ੍ਹੇ 'ਚ ਵਾਪਰੀ। ਬੰਨ੍ਹ ਟੁੱਟਣ ਕਾਰਨ ਨੇੜਲੇ ਪਿੰਡਾਂ 'ਚ ਹੜ੍ਹ ਆ ਗਿਆ ਅਤੇ ਉਹ ਪਾਣੀ 'ਚ ਡੁੱਬ ਗਏ। ਕਈ ਲੋਕਾਂ ਦੇ ਮਰਨ ਅਤੇ ਸੈਂਕੜੇ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸੀ।

ਬੁਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ 3000 ਤੋਂ ਵੱਧ ਲੋਕ ਹੜ੍ਹ ਦੇ ਪਾਣੀ ਵਿਚ ਫਸੇ ਹੋਏ ਹਨ, ਜਦਕਿ 2851 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਧਰ ਬੰਨ੍ਹ ਬਣਾਉਣ ਵਾਲੀ ਦਖਣੀ ਕੋਰੀਆਈ ਕੰਪਨੀ ਐਸ.ਕੇ. ਇੰਜੀਨੀਅਰਿੰਗ ਐਂਡ ਕੰਸਟਰੱਕਸ਼ਨ ਨੇ ਦਾਅਵਾ ਕੀਤਾ ਹੈ ਕਿ ਭਾਰੀ ਮੀਂਹ ਅਤੇ ਹੜ੍ਹ ਕਾਰਨ ਇਹ ਹਾਦਸਾ ਵਾਪਰਿਆ। ਕੰਪਨੀ ਨੇ ਕਿਹਾ ਕਿ ਐਤਵਾਰ ਨੂੰ ਬੰਨ੍ਹ 'ਚ ਦਰਾਰ ਦੇਖੀ ਗਈ, ਜਿਸ ਤੋਂ ਬਾਅਦ 12 ਪਿੰਡਾਂ ਨੂੰ ਤੁਰੰਤ ਖ਼ਾਲੀ ਕਰਨ ਦਾ ਹੁਕਮ ਜਾਰੀ ਕਰ ਦਿਤਾ ਗਿਆ ਸੀ।

ਇਸ ਦਰਮਿਆਨ ਵਿਆਪਕ ਪੱਧਰ 'ਤੇ ਰਾਹਤ ਅਤੇ ਬਚਾਅ ਕੰਮ ਚਲਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਸਾਲ 2013 ਵਿਚ ਇਸ ਬੰਨ੍ਹ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਸੀ ਅਤੇ ਇਸ ਸਾਲ ਤੋਂ ਇਸ ਤੋਂ ਬਿਜਲੀ ਦਾ ਉਤਪਾਦਨ ਸ਼ੁਰੂ ਹੋਣਾ ਸੀ। ਲਾਓਸ ਤੇ ਥਾਈਲੈਂਡ ਦਰਮਿਆਨ ਹੋਏ ਸਮਝੌਤੇ ਤਹਿਤ ਇਥੇ ਪੈਦਾ ਹੋਣ ਵਾਲੀ 90 ਫ਼ੀ ਸਦੀ ਬਿਜਲੀ ਥਾਈਲੈਂਡ ਨੂੰ ਮਿਲਣੀ ਸੀ। (ਪੀਟੀਆਈ)