ਇੰਡੀਆ ਨਾਲ ਵਪਾਰਕ ਸੰਬੰਧ ਵਧਾਉਣ ਲਈ ਮਿਆਂਮਾਰ ਕਰੇਗਾ ਪੁਲ ਦਾ ਨਿਰਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਆਂਮਾਰ ਭਾਰਤ ਦੇ ਸਰਹੱਦੀ ਸੂਬਿਆਂ ਨਾਲ ਵਪਾਰ ਨੂੰ ਵਧਾਉਣ ਲਈ ਮਣੀਪੁਰ 'ਚ ਨਦੀ...

India and Myanmar

ਯਾਂਗੂਨ: ਮਿਆਂਮਾਰ ਭਾਰਤ ਦੇ ਸਰਹੱਦੀ ਸੂਬਿਆਂ ਨਾਲ ਵਪਾਰ ਨੂੰ ਵਧਾਉਣ ਲਈ ਮਣੀਪੁਰ 'ਚ ਨਦੀ 'ਤੇ ਨਵੇਂ ਪੁਲ਼ ਦਾ ਨਿਰਮਾਣ ਕਰੇਗਾ। ਮਿਆਂਮਾਰ ਦੇ ਚਿਨ ਸੂਬੇ ਦੇ ਸੜਕ ਆਵਾਜਾਈ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਦੇ ਮਣੀਪੁਰ ਦੀ ਸਰਹੱਦ 'ਤੇ ਸਥਿਤ ਇਕ ਨਦੀ 'ਤੇ ਨਵਾਂ ਪੁਲ਼ ਬਣਾਉਣ ਦੀ ਯੋਜਨਾ ਹੈ। ਮਾਨਸਾਂਗ ਨਾਮਕ ਇਸ ਪੁਲ ਦਾ ਨਿਰਮਾਣ ਦਸੰਬਰ 'ਚ ਸ਼ੁਰੂ ਹੋਵੇਗਾ। ਇਸ ਪੁਲ 'ਚ ਮੌਜੂਦਾ ਝੂਲਦੇ ਹੋਏ ਪੁਲ ਨਾਲ ਲੱਗਦੇ ਤਿਦਿਮ ਅਤੇ ਰੀਡ ਸਰਹੱਦੀ ਸ਼ਹਿਰਾਂ ਦੇ ਨੇੜੇ ਬਣਾਇਆ ਜਾਵੇਗਾ। ਇਹ 557 ਫੁੱਟ ਲੰਬਾ ਅਤੇ 30 ਫੁੱਟ ਚੌੜਾ ਦੋ ਲੇਨ ਵਾਲਾ ਪੁਲ ਹੋਵੇਗਾ।

ਆਵਾਜਾਈ ਮੰਤਰੀ ਯੂ ਸ਼ਵੇ ਹੇਟੇ ਓਈ ਨੇ ਕਿਹਾ ਕਿ ਇਹ ਯੋਜਨਾ ਤਿੰਨ ਸਾਲਾਂ 'ਚ ਪੂਰੀ ਹੋਣ ਦੀ ਉਮੀਦ ਹੈ। ਮੌਜੂਦਾ ਪੁਲ਼ 2015 'ਚ ਕੁਦਰਤੀ ਆਫਤ ਨਾਲ ਨੁਕਸਾਨਿਆ ਗਿਆ ਸੀ ਅਤੇ ਇਸ ਦੇ ਬਾਅਦ ਇਸ ਪੁਲ ਤੋਂ ਸਿਰਫ 16 ਟਨ ਭਾਰ ਵਾਲੇ ਵਾਹਨਾਂ ਨੂੰ ਲੈ ਜਾਣ ਦੀ ਇਜਾਜ਼ਤ ਹੈ। ਮੀਂਹ ਦੇ ਮੌਸਮ 'ਚ ਆਵਾਜਾਈ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਣਜ ਮੰਤਰਾਲੇ ਮੁਤਾਬਕ ਵਿੱਤੀ ਸਾਲ 2018-19 ਦੌਰਾਨ ਸਤੰਬਰ ਤਕ ਭਾਰਤ ਅਤੇ ਮਿਆਂਮਾਰ ਵਿਚਕਾਰ 19.5 ਕਰੋੜ ਡਾਲਰ ਦਾ ਵਪਾਰ ਹੋਇਆ ਹੈ।

ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਸਾਲ ਵਪਾਰ 'ਚ 5.7 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਦੋਹਾਂ ਦੇਸ਼ਾਂ 'ਚ ਵਿਸ਼ੇਸ਼ ਕਰਕੇ ਤਮੂ, ਰੀਡ ਅਤੇ ਥਾਨਤਾਂਗ ਸਥਿਤ ਵਪਾਰ ਕੈਂਪਾਂ ਰਾਹੀਂ ਸਰਹੱਦ ਪਾਰ ਵਪਾਰ ਕੀਤਾ ਜਾਂਦਾ ਹੈ। ਦੋਹਾਂ ਪਾਸਿਓਂ ਵਪਾਰ ਦਾ ਇਕ ਵੱਡਾ ਹਿੱਸਾ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਮਿਆਂਮਾਰ ਮੁੱਖ ਰੂਪ ਨਾਲ ਭਾਰਤ ਨੂੰ ਫਲ , ਸਬਜ਼ੀ, ਮੱਛੀ ਅਤੇ ਜੰਗਲੀ ਉਤਪਾਦਾਂ ਦਾ ਬਰਾਮਦ ਕਰਦਾ ਹੈ, ਜਦਕਿ ਭਾਰਤ ਤੋਂ ਦਵਾਈਆਂ, ਇਲੈਕਟ੍ਰੋਨਿਕ ਉਤਪਾਦਾਂ, ਮੋਟਰ ਬਾਈਕ, ਗੈਰ-ਮਿਸ਼ਰਿਤ ਇਸਪਾਤ ਅਤੇ ਹੋਰ ਨਿਰਮਾਣ ਸਮੱਗਰੀ ਦਰਾਮਦ ਕਰਦਾ ਹੈ।