ਸ੍ਰੀ ਗੁਰੂ ਸਿੰਘ ਸਭਾ ਨਿਊਜ਼ੀਲੈਂਡ ਕੀਰਤਨੀ ਜਥੇ ਨੂੰ ਮਿਹਨਤਾਨਾ ਨਾ ਦੇਣ ਲਈ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

40,000 ਡਾਲਰ ਜੁਰਮਾਨਾ 28 ਦਿਨਾਂ 'ਚ ਭਰਨ ਦੇ ਹੁਕਮ

Bhai Jaswinder Singh Tabla Wadak, Harpreet Singh and Bhai Harpreet Singh Ragi.

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੀ ਇਕ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਸ਼ਰਲੀ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਬੰਧ ਚਲਾਉਂਦੀ ਹੈ ਇਕ ਮਾਮਲੇ ਵਿਚ 'ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨਿਊਜ਼ੀਲੈਂਡ' ਵਲੋਂ ਦੋਸ਼ੀ ਪਾਈ ਗਈ ਹੈ। ਇਥੇ ਦੋ ਰਾਗੀ ਸਿੰਘ ਭਾਈ ਹਰਪ੍ਰੀਤ ਸਿੰਘ ਅਤੇ ਭਾਈ ਜਸਵਿੰਦਰ ਸਿੰਘ 27 ਅਕਤੂਬਰ 2017 ਤੋਂ 7 ਮਈ 2018 ਤੱਕ ਨਿਰਧਾਰਤ ਮਿਹਨਤਾਨੇ ਉਤੇ ਸੇਵਾ ਕਰਨ ਪਹੁੰਚੇ ਸਨ।

ਸ਼ਿਕਾਇਤ ਅਨੁਸਾਰ ਇਸ ਦੌਰਾਨ ਉਨ੍ਹਾਂ ਨੂੰ ਕ੍ਰਮਵਾਰ 2000 ਡਾਲਰ ਅਤੇ 1000 ਡਾਲਰ ਹੀ ਪ੍ਰਾਪਤ ਹੋਏ ਹਨ। ਦਰਜ ਸ਼ਿਕਾਇਤ ਵਿਚ ਜਿਥੇ ਘੱਟ ਮਿਹਨਤਾਨਾ ਦੇਣ ਦੀ ਗੱਲ ਹੈ ਉਥੇ ਰਿਹਾਇਸ਼ ਦਾ ਪ੍ਰਬੰਧ ਵੀ ਘਟੀਆ ਹੋਣਾ ਦਸਿਆ ਗਿਆ ਹੈ। ਨਿਰਧਾਰਤ ਮਿਹਨਤਾਨੇ ਵਿਚ ਲਿਖਿਆ ਗਿਆ ਸੀ ਕੰਮ ਦਾ ਸਮਾਂ ਲੋੜ ਮੁਤਾਬਿਕ ਹੋ ਸਕਦਾ ਹੈ ਪਰ ਸਵੇਰੇ 2 ਘੰਟੇ ਅਤੇ ਸ਼ਾਮ ਨੂੰ 2 ਘੰਟੇ ਰੋਜ਼ਾਨਾ, 2 ਘੰਟੇ ਪੰਜਾਬੀ ਅਤੇ ਗੁਰਬਾਣੀ ਸਿਖਿਆ ਬੱਚਿਆਂ ਲਈ ਹਫਤਾਵਾਰੀ, ਹਵਾਈ ਟਿਕਟ ਖਰਚਾ 3000 ਡਾਲਰ ਤੱਕ ਅਤੇ 1000 ਡਾਲਰ ਪ੍ਰਤੀ ਮਹੀਨਾ ਛੁੱਟੀਆਂ ਦੇ ਪੈਸਿਆਂ ਸਮੇਤ ਦਿਤੇ ਜਾਣਗੇ।

ਗੱਲ 7 ਮਈ 2018 ਨੂੰ ਵਿਗੜੀ ਜਦੋਂ ਇਕ ਧਾਰਮਿਕ ਮਾਮਲੇ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਵਿਖੇ 100 ਦੇ ਕਰੀਬ ਪਹੁੰਚੀ ਸੰਗਤ ਵਲੋਂ ਉਥੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸੱਚਖੰਡ ਵਿਚ ਸਜੇ ਹੋਰ ਸਰੂਪ ਕਿਸੇ ਹੋਰ ਜਗ੍ਹਾ ਉਤੇ ਪਹੁੰਚਾ ਦਿਤੇ ਗਏ। ਕਮੇਟੀ ਮੈਂਬਰ ਹਰਨੇਕ ਸਿੰਘ ਨੇ ਇਸ ਘਟਨਾ ਤੋਂ ਅਗਲੇ ਦਿਨ ਰਾਗੀ ਸਿੰਘਾਂ ਨੂੰ ਕਿਹਾ ਕਿ ਹੁਣ ਇਥੇ ਸਰੂਪ ਨਹੀਂ ਹੈ ਤੁਸੀਂ ਚਾਹੁੰਦੇ ਹੋ ਤਾਂ ਵਾਪਿਸ ਇੰਡੀਆ ਜਾ ਸਕਦੇ ਹੋ। ਰਾਗੀ ਸਿੰਘਾਂ ਨੇ ਕਿਹਾ ਕਿ ਸਾਡੇ ਕੋਲ ਵਾਪਸ ਜਾਣ ਵਾਸਤੇ ਕੁਝ ਨਹੀਂ ਹੈ।

ਅਗਲੇ ਦਿਨ 8 ਮਈ ਨੂੰ ਰਾਗੀ ਸਿੰਘਾਂ ਨੂੰ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਨ ਲਾਈਨ ਵਰਸ਼ਨ (ਇਲੈਕਟ੍ਰਾਨਿਕ ਡਿਵਾਈਸ) ਉਤੇ ਉਹ ਸਵੇਰੇ ਸ਼ਾਮ ਸੇਵਾ ਕਰ ਸਕਦੇ ਹਨ ਜੋ ਕਿ ਰਾਗੀ ਸਿੰਘਾਂ ਨੇ ਮਨ੍ਹਾ ਕਰ ਦਿਤਾ ਤੇ ਮਹਿਸੂਸ ਕੀਤਾ ਕਿ ਹਰਨੇਕ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦਾ ਜਿਸ ਕਰ ਕੇ ਉਥੇ ਰਹਿਣ ਦਾ ਕੋਈ ਮਤਲਬ ਨਹੀਂ। ਅਗਲੇ ਦਿਨ ਰਾਗੀ ਸਿੰਘ ਬਿਨਾਂ ਦੱਸੇ ਗੁਰਦੁਆਰਾ ਸਾਹਿਬ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਮਾਮਲਾ ਇੰਪਲਾਇਮੈਂਟ ਰਿਲੇਸ਼ਨ ਕੋਲ ਜਾਂਦਾ ਹੈ।

ਰਾਗੀ ਸਿੰਘ 70 ਘੰਟੇ ਤੱਕ ਕੰਮ ਕਰਨ ਦਾ ਦਾਅਵਾ ਕਰਦੇ ਹਨ ਅਤੇ ਪ੍ਰਬੰਧਕ ਇਸ ਦਾਅਵੇ ਨੂੰ ਝੁਠਲਾਉਂਦੇ ਹਨ। ਲੰਬੀ-ਚੌੜੀ ਜਾਂਚ ਪੜ੍ਹਤਾਲ ਬਾਅਦ ਹੁਣ ਪਾਇਆ ਗਿਆ ਕਿ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਨੇ ਰਾਗੀ ਸਿੰਘਾਂ ਦਾ ਮਿਹਨਤਾਨਾ ਮਾਰਿਆ ਹੈ।  ਜਾਂਚ-ਪੜ੍ਹਤਾਲ ਵਿਚ ਹਰਨੇਕ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਜੋ ਵਿਅਕਤੀ ਇੰਪਲਾਇਮੈਂਟ ਐਗਰੀਮੈਂਟ ਬਣਾਇਆ ਸੀ ਉਹ ਸਿਰਫ ਇਮੀਗ੍ਰੇਸ਼ਨ ਉਦੇਸ਼ ਵਾਸਤੇ ਹੀ ਬਣਾਇਆ ਗਿਆ ਸੀ ਨਾ ਕਿ ਉਸ ਉਤੇ ਖਰਾ ਉਤਰਨ ਵਾਸਤੇ। ਜਾਂਚ-ਪੜਤਾਲ ਦੌਰਾਨ ਸ. ਕੇਵਲ ਸਿੰਘ ਦਾ ਨਾਂਅ ਵੀ ਆਉਂਦਾ ਹੈ ਜੋ ਕਿ ਪ੍ਰੋਗਰਾਮਾਂ ਦੀ ਬੁਕਿੰਗ ਕਰਦੇ ਸਨ।

ਫੈਸਲੇ ਅਨੁਸਾਰ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨੇ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਨੂੰ ਆਦੇਸ਼ ਦਿੱਤਾ ਹੈ ਕਿ  14 ਦਿਨ ਦੇ ਅੰਦਰ-ਅੰਦਰ ਭਾਈ ਹਰਪ੍ਰੀਤ ਸਿੰਘ ਨੂੰ 32,133 ਡਾਲਰ ਅਤੇ 14 ਦਿਨਾਂ ਦੇ ਅੰਦਰ-ਅੰਦਰ ਭਾਈ ਜਸਵਿੰਦਰ ਸਿੰਘ ਨੂੰ 34383 ਡਾਲਰ ਮਿਹਨਤਾਨਾ ਜਿਸ ਵਿਚ ਤਨਖਾਹ, ਛੁੱਟੀਆਂ ਦੇ ਪੈਸੇ, ਇੰਪਲਾਇਮੈਂਟ ਕਾਨੂੰਨ ਦਾ ਉਲੰਘਣ ਆਦਿ ਸ਼ਾਮਿਲ ਹੈ ਦਿੱਤਾ ਜਾਵੇ।  

ਇਸ ਤੋਂ ਇਲਾਵਾ ਇਹ ਵੀ ਫੈਸਲਾ ਹੈ ਕਿ 40,000 ਡਾਲਰ ਜ਼ੁਰਮਾਨੇ ਵੱਜੋਂ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨੂੰ ਅਦਾ ਕੀਤੇ ਜਾਣ ਜਿਸ ਵਿਚ ਇੰਪਲਾਇਮੈਂਟ ਰਿਲੇਸ਼ਨ ਐਕਟ ਦੇ ਦੋ ਉਲੰਘਣ, ਘੱਟੋ-ਘੱਟ ਮਿਹਨਤਾਨੇ ਦੇ 4 ਦੋਸ਼ ਸ਼ਾਮਿਲ ਹਨ। ਇਹ ਜੁਰਮਾਨਾ 28 ਦਿਨਾਂ ਦੇ ਵਿਚ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਵਕੀਲ ਦਾ ਖਰਚਾ ਅਜੇ ਵੱਖਰਾ ਹੈ। ਸਿੱਖ ਅਵੇਅਰ ਨਿਊਜ਼ੀਲੈਂਡ ਤੋਂ ਹਰਪ੍ਰੀਤ ਸਿੰਘ ਨੇ ਇਸ ਸਾਰੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਦੋਨਾਂ ਪੀੜ੍ਹਤ ਰਾਗੀ ਸਿੰਘਾਂ ਦੀ ਰਸਮੀ ਹਮਾਇਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।