ਮਾਪਿਆਂ ਨੂੰ ਨਿਊਜ਼ੀਲੈਂਡ ਸੱਦਣਾ ਹੋਵੇਗਾ ਮਹਿੰਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ-ਪਿਉ ਨੂੰ ਪੱਕੇ ਤੌਰ 'ਤੇ ਬੁਲਾਉਣ ਲਈ ਤਨਖਾਹ 2,12,160 ਡਾਲਰ ਹੋਣੀ ਲਾਜ਼ਮੀ

Applications for parent resident visa to open from February 2020 in New Zealand

ਔਕਲੈਂਡ : ਨਿਊਜ਼ੀਲੈਂਡ ਸਰਕਾਰ ਵਲੋਂ ਪ੍ਰਵਾਸੀਆਂ ਦੇ ਮਾਪਿਆਂ ਨੂੰ ਲੰਮਾ ਸਮਾਂ ਠਹਿਰਾਉਣ ਲਈ ਨਵੀਂ ਵੀਜ਼ਾ ਨੀਤੀ ਦੀ ਤਜਵੀਜ਼ ਲਿਆਂਦੀ ਗਈ ਹੈ। ਜਿਸ ਅਧੀਨ ਪ੍ਰਵਾਸੀਆਂ ਨੂੰ ਆਪਣੇ ਮਾਤਾ-ਪਿਤਾ ਇੱਥੇ ਮੰਗਵਾਉਣ ਲਈ ਨਵੀਂ ਵੀਜ਼ਾ ਨੀਤੀ ਤਹਿਤ ਭਾਰੀ ਆਰਥਕ ਬੋਝ ਝੱਲਣਾ ਪਵੇਗਾ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਫ਼ਰਵਰੀ 2020 ਵਿਚ ਮਾਪਿਆਂ ਦੀ ਵੀਜ਼ਾ ਸ਼੍ਰੇਣੀ ਮੁੜ ਦੁਬਾਰਾ ਨਵੇਂ ਆਰਥਕ ਮਾਪਦੰਡਾਂ ਦੇ ਅਧਾਰ ਉਤੇ ਖੋਲ੍ਹੀ ਜਾਵੇਗੀ। ਆਰਥਕ ਮਾਪਦੰਡ ਇਸ ਤਰ੍ਹਾਂ ਹੋਣੇ ਚਾਹੀਦੇ ਹਨ, ਜਿਵੇਂ ਇਕ ਸਪਾਂਸਰ ਨਿਊਜ਼ੀਲੈਂਡ ਵਾਸੀ ਹੋਵੇ ਤਾਂ ਇਕ ਮਾਤਾ ਜਾਂ ਪਿਤਾ ਨੂੰ ਪੱਕੇ ਤੌਰ 'ਤੇ ਬੁਲਾਉਣ ਵਾਸਤੇ ਉਸ ਦੀ ਤਨਖਾਹ 1,06,080 ਡਾਲਰ ਸਾਲਾਨਾ ਚਾਹੀਦੀ ਹੈ, ਜਦਕਿ ਪਹਿਲਾਂ ਇਹ 65,000 ਡਾਲਰ ਸਾਲਾਨਾ ਰੱਖੀ ਗਈ ਸੀ।

ਨਿਊਜ਼ੀਲੈਂਡ 'ਚ ਪ੍ਰਤੀ ਵਿਅਕਤੀ ਔਸਤਨ ਸਾਲਾਨਾ ਤਨਖਾਹ 53,040 ਡਾਲਰ ਹੈ ਅਤੇ ਇਸ ਹਿਸਾਬ ਨਾਲ ਇਹ ਦੁਗਣੀ ਕਰ ਦਿੱਤੀ ਗਈ ਹੈ ਤਾਂ ਇਹ ਇਕ ਵਿਅਕਤੀ ਦੂਜੇ ਵਿਅਕਤੀ ਦਾ ਉਸੇ ਅਨੁਪਾਤ ਵਿਚ ਖਰਚਾ ਚੁੱਕ ਸਕੇ। ਇਸੇ ਤਰ੍ਹਾਂ ਇਕ ਸਪਾਂਸਰ ਹੋਵੇ ਅਤੇ ਉਹ  ਆਪਣੇ ਮਾਤਾ-ਪਿਤਾ ਦੋਵਾਂ ਨੂੰ ਇਥੇ ਮੰਗਵਾ ਰਿਹਾ ਹੋਵੇ ਤਾਂ ਤਨਖਾਹ 159,120 ਡਾਲਰ ਸਾਲਾਨਾ ਹੋਣੀ ਚਾਹੀਦੀ ਹੈ ਜੋ ਕਿ ਔਸਤਨ ਦਾ ਤਿੰਨ ਗੁਣਾ ਹੈ।  ਇਸੇ ਤਰ੍ਹਾਂ ਸਪਾਂਸਰ ਅਤੇ ਉਸ ਦੇ ਪਾਰਟਨਰ ਵਲੋਂ ਇਕ ਮਾਤਾ ਜਾਂ ਪਿਤਾ ਨੂੰ ਮੰਗਵਾਉਣ ਹੋਵੇ ਤਾਂ 1,59,120 ਡਾਲਰ ਸਾਲਾਨਾ ਤਨਖਾਹ ਹੋਣੀ ਚਾਹੀਦੀ ਹੈ ਜੋ ਕਿ ਔਸਤਨ ਦਾ ਤਿੰਨ ਗੁਣਾ ਹੈ। ਪਹਿਲਾਂ ਇਹ ਰਕਮ 90,000 ਡਾਲਰ ਸਾਲਾਨਾ ਸੀ। ਸਪਾਂਸਰ ਅਤੇ ਪਾਰਟਨਰ ਵੱਲੋਂ ਮਾਤਾ-ਪਿਤਾ ਦੋਵਾਂ ਲਈ ਤਨਖਾਹ 2,12,160 ਡਾਲਰ ਸਾਲਾਨਾ ਨਿਰਧਾਰਤ ਕਰ ਦਿੱਤੀ ਗਈ ਹੈ, ਜੋ ਕਿ ਔਸਤਨ ਦਾ ਚਾਰ ਗੁਣਾ ਹੈ। 

ਐਕਸਪ੍ਰੈਸ਼ਨ ਆਫ਼ ਇੰਟਰਸਟ (ਈ.ਓ.ਆਈ.) ਹੁਣ ਲੈਣੇ ਬੰਦ ਕਰ ਦਿੱਤੇ ਹਨ ਅਤੇ ਇਹ ਦੁਬਾਰਾ ਨਵਾਂ ਵੀਜ਼ਾ ਖੁੱਲ੍ਹਣ ਉਤੇ ਲਏ ਜਾਣਗੇ ਅਤੇ ਮਈ ਵਿਚ ਅਰਜ਼ੀਆਂ ਦੀ ਚੋਣ ਹੋਵੇਗੀ। ਬਹੁਤ ਸਾਰੇ ਲੋਕ ਜੋ ਮਾਪਿਆਂ ਨੂੰ ਮੰਗਵਾਉਣ ਦੇ ਯੋਗ ਨਹੀਂ ਹੋਣਗੇ ਉਨ੍ਹਾਂ ਵਲੋਂ ਈ.ਓ.ਆਈ. ਦੀ ਜਮ੍ਹਾ ਕਰਵਾਈ ਫੀਸ ਵਾਪਸ ਕਰ ਦਿਤੀ ਜਾਵੇਗੀ। ਜਿਨ੍ਹਾਂ ਅਰਜ਼ੀਆਂ ਦੇ ਉਤੇ ਪਹਿਲਾਂ ਹੀ ਕਾਰਵਾਈ ਚੱਲ ਰਹੀ ਹੈ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ। ਹੁਣ ਸਾਲ ਵਿਚ ਸਿਰਫ਼ 1000 ਵੀਜ਼ੇ ਦਿੱਤੇ ਜਾਣਗੇ।