ਭਾਰਤ ਆਜ਼ਾਦ ਪਰ ਚਲ ਅੰਗਰੇਜ਼ ਹਾਕਮਾਂ ਦੀ ਡਗਰ ਉਤੇ ਹੀ ਰਿਹਾ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

73ਵਾਂ ਆਜ਼ਾਦੀ ਦਿਵਸ ਮੁਬਾਰਕ! ਭਾਰਤ ਦੀ ਆਜ਼ਾਦੀ ਵਾਲਾ ਦਿਨ, ਭਾਰਤ ਦੀ ਵੰਡ ਵਾਲਾ ਦਿਨ, ਦੁਨੀਆਂ ਦਾ ਸੱਭ ਤੋਂ ਖ਼ੂਨੀ ਦਿਨ ਰਿਹਾ........

Independence Day

73ਵਾਂ ਆਜ਼ਾਦੀ ਦਿਵਸ ਮੁਬਾਰਕ! ਭਾਰਤ ਦੀ ਆਜ਼ਾਦੀ ਵਾਲਾ ਦਿਨ, ਭਾਰਤ ਦੀ ਵੰਡ ਵਾਲਾ ਦਿਨ, ਦੁਨੀਆਂ ਦਾ ਸੱਭ ਤੋਂ ਖ਼ੂਨੀ ਦਿਨ ਰਿਹਾ, ਪਰ ਉਨ੍ਹਾਂ ਸਾਰੀਆਂ ਕੁਰਬਾਨੀਆਂ ਨੂੰ ਲੋਕਾਂ ਨੇ ਅਪਣੇ ਦਿਲ ਵਿਚ ਨਵੇਂ ਭਾਰਤ ਦੇ ਨਿਰਮਾਣ ਦੀ ਖ਼ੁਸ਼ੀ ਵਿਚ ਭੁਲਾ ਦਿਤਾ। ਕਿੰਨਾ ਉਤਸ਼ਾਹ ਹੋਵੇਗਾ ਉਸ ਵੇਲੇ ਜਦ ਸੱਭ ਨੇ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਬਦਲੇ ਅਪਣਾ ਸੱਭ ਕੁੱਝ ਗਵਾਉਣਾ ਪਸੰਦ ਕੀਤਾ ਅਤੇ ਉਫ਼ ਵੀ ਨਾ ਕੀਤੀ। ਬਸ ਅੱਗੇ ਵਲ ਵੇਖਿਆ। 

ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਹ ਪੁਛਣਾ ਬਣਦਾ ਹੈ ਕਿ ਕੀ ਉਨ੍ਹਾਂ ਇਸ ਤਰ੍ਹਾਂ ਦੇ ਅੱਜ (2019) ਬਾਰੇ ਕਦੇ ਸੋਚਿਆ ਵੀ ਸੀ? ਕੀ ਅੱਜ ਦੇ ਭਾਰਤੀ ਤੰਤਰ ਨੂੰ ਅਸੀ ਸੰਪੂਰਨ ਆਜ਼ਾਦੀ ਆਖ ਸਕਦੇ ਹਾਂ? ਜਦ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕੀਤੀ ਸੀ ਤਾਂ ਕੀ ਅਪਣੀ ਰੂਹ ਵੀ ਆਜ਼ਾਦ ਕਰਵਾ ਲਈ ਸੀ ਜਾਂ ਨਹੀਂ? ਜਿਸ ਦੇਸ਼ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਸਹੀ ਹੋਵੇ, ਜਿਸ ਨੇ ਅੰਗਰੇਜ਼ਾਂ ਦੇ ਪੈਰਾਂ ਹੇਠ ਅਪਣੇ ਹੱਕਾਂ ਨੂੰ ਕੁਚਲੇ ਜਾਂਦੇ ਵੇਖਿਆ ਹੋਵੇ, ਅਪਣੇ ਧਰਮ ਦੀ ਬੇਅਦਬੀ ਵੇਖੀ ਹੋਵੇ, ਅਪਣੇ ਆਪ ਨੂੰ ਨੀਵਾਂ ਅਖਵਾਇਆ ਹੋਵੇ, ਉਹ ਅੱਜ ਉਸੇ ਅੰਗਰੇਜ਼ ਦੇ ਕਾਲੋਨੀ ਰਾਜ ਵਰਗਾ ਕਿਉਂ ਬਣ ਰਿਹਾ ਹੈ?

ਆਜ਼ਾਦੀ ਮਿਲੀ ਤਾਂ ਸਾਰਿਆਂ ਨੂੰ ਹੀ ਸੀ ਪਰ ਆਜ਼ਾਦ ਭਾਰਤ ਵਿਚ ਵੀ ਗ਼ੁਲਾਮੀ ਦੀ ਪਕੜ ਬਹੁਤ ਡੂੰਘੀ ਹੈ। ਆਜ਼ਾਦ ਭਾਰਤ ਜਾਤ-ਪਾਤ, ਧਰਮ, ਮਰਦ-ਔਰਤ, ਅਮੀਰ-ਗ਼ਰੀਬ ਦੀਆਂ ਵੱਖ ਕਰਦੀਆਂ ਲਕੀਰਾਂ ਦੇ ਸਾਏ ਹੇਠ ਇਕ-ਦੂਜੇ ਉਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਜਾ ਰਿਹਾ ਹੈ। 2019 ਵਿਚ ਦਿੱਲੀ ਅੰਦਰ ਇਕ ਰਵਿਦਾਸ ਮੰਦਰ ਨੂੰ ਭੰਨ ਕੇ ਦਲਿਤਾਂ ਨੂੰ ਦੁੱਖ ਪਹੁੰਚਾਇਆ ਗਿਆ ਹੈ।

ਇਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਪਿੱਛੇ ਕਰੋੜਾਂ ਦਲਿਤਾਂ ਦੇ ਦਿਲ ਨੂੰ ਦਰਦ ਦਿਤਾ ਗਿਆ ਹੈ। ਸੜਕਾਂ ਉਤੇ ਆ ਕੇ ਨਿਆਂ ਮੰਗਣ ਲਈ ਮਜਬੂਰ ਦਲਿਤ, ਅੰਗਰੇਜ਼ਾਂ ਵਿਰੁਧ ਨਹੀਂ, ਬਲਕਿ ਅਪਣੇ ਆਜ਼ਾਦ ਭਾਰਤੀਆਂ ਵਿਰੁਧ ਅੱਜ ਅਪਣੇ ਗੁਰੂ ਦਾ ਮਾਣ ਸਤਿਕਾਰ ਰੱਖਣ ਲਈ ਪੁਕਾਰ ਕਰ ਰਹੇ ਹਨ। ਇਕ ਸਰਕਾਰ ਵਾਸਤੇ ਕਿੰਨੀ ਛੋਟੀ ਜਿਹੀ ਗੱਲ ਹੈ ਇਕ ਜ਼ਮੀਨ ਦਾ ਟੁਕੜਾ ਕਿਸੇ ਵਰਗ ਨੂੰ ਦੇ ਦੇਣਾ।

ਇਹ ਉਹੀ ਸਰਕਾਰ ਹੈ ਜੋ ਰਾਮ ਮੰਦਰ ਬਣਾਉਣ ਲਈ ਇਕ ਮਸਜਿਦ ਨੂੰ ਤੋੜਨਾ ਵਾਜਬ ਸਮਝਦੀ ਹੈ ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਕਿਸੇ ਮੁਗ਼ਲ ਰਾਜੇ ਨੇ ਰਾਮ ਮੰਦਰ ਤੋੜਿਆ ਸੀ। ਜਿਸ ਨੇ ਉਸ ਪੀੜ ਨੂੰ ਹੰਢਾਇਆ ਹੋਵੇ, ਉਹ ਕਿਸੇ ਹੋਰ ਨੂੰ ਉਹੀ ਦਰਦ ਕਿਸ ਤਰ੍ਹਾਂ ਦੇ ਸਕਦਾ ਹੈ? ਪ੍ਰਧਾਨ ਮੰਤਰੀ ਤਾਂ ਕਿੰਨੀ ਵਾਰ ਆਖ ਚੁੱਕੇ ਹਨ ਕਿ ਉਹ ਪਿਛੜੀ ਜਾਤੀ ਦੇ ਹਨ ਤਾਂ ਫਿਰ ਉਹ ਅਪਣਿਆਂ ਦੇ ਹੀ ਧਰਮ ਦਾ ਦਰਦ ਕਿਉਂ ਨਹੀਂ ਸਮਝ ਰਹੇ?

ਕਸ਼ਮੀਰ ਵਿਚ ਇਕ ਨਵਾਂ ਦੌਰ ਸ਼ੁਰੂ ਕਰਨ ਦਾ ਸਮਾਂ ਚੁਣਨਾ ਸਰਕਾਰ ਦੇ ਹੱਥ ਵਿਚ ਸੀ। ਨਵਾਂ ਦੌਰ ਕਿਸੇ ਹੋਰ ਤਰੀਕੇ ਨਾਲ ਨਹੀਂ ਸੀ ਸ਼ੁਰੂ ਕੀਤਾ ਜਾ ਸਕਦਾ? ਕੀ ਕੁੱਝ ਦਿਨ ਠਹਿਰ ਕੇ ਅਰਥਾਤ ਅਮਰਨਾਥ ਯਾਤਰਾ ਪੂਰੀ ਹੋ ਚੁਕਣ ਮਗਰੋਂ ਤੇ ਈਦ ਦੀਆਂ ਖ਼ੁਸ਼ੀਆਂ ਮਨਾ ਚੁੱਕਣ ਮਗਰੋਂ ਇਹ ਕਦਮ ਨਹੀਂ ਸੀ ਚੁਕਿਆ ਜਾ ਸਕਦਾ? ਇਸ ਨਾਲ 'ਦੇਸੀ ਅੰਗਰੇਜ਼ਾਂ' ਦੀ ਲੋਕਾਂ ਦੀ ਧਾਰਮਕ ਸ਼ਰਧਾ ਪ੍ਰਤੀ ਨਿਸ਼ਠਾ ਦਾ ਵੀ ਪਤਾ ਲੱਗ ਜਾਂਦਾ। ਪਰ ਇਹ ਅਸੂਲ ਬਲੂ-ਸਟਾਰ ਆਪ੍ਰੇਸ਼ਨ ਵੇਲੇ ਪੈਰਾਂ ਥੱਲੇ ਰੋਲਿਆ ਗਿਆ ਤੇ ਹੁਣ ਵੀ ਘੱਟ ਨਹੀਂ ਕੀਤੀ ਗਈ। 

ਆਜ਼ਾਦੀ, ਲੋਕਤੰਤਰ, ਸੰਵਿਧਾਨ, ਸਿਰਫ਼ ਇਕ ਕਾਨੂੰਨ ਨਹੀਂ ਬਲਕਿ ਇਕ ਆਜ਼ਾਦ ਸੋਚ ਹੈ- ਸੋਚ ਜੋ ਅਪਣੇ ਪਿੰਡੇ ਉਤੇ ਮਾਰ ਖਾ ਕੇ ਜਿੱਤੀ ਹੋਵੇ ਅਤੇ ਉਸ ਸੋਚ ਵਿਚੋਂ ਸੱਭ ਤੋਂ ਵੱਧ ਸਹਿਣਸ਼ੀਲਤਾ ਉਠਣੀ ਚਾਹੀਦੀ ਸੀ। ਸਹਿਣਸ਼ੀਲਤਾ ਸਾਡੇ ਅਲੱਗ ਹੋਣ ਸਮੇਂ ਵੀ। ਜੇ ਮੈਂ ਹਿੰਦੂ ਹਾਂ ਤਾਂ ਲੋਕ-ਰਾਜ ਵਿਚ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉੱਚਾ ਹਾਂ, ਬਸ ਵਖਰੀ/ਵਖਰਾ ਹਾਂ। ਭਾਵੇਂ ਮੈਂ ਮੁਸਲਮਾਨ ਹਾਂ, ਸਿੱਖ ਹਾਂ, ਇਸਾਈ ਹਾਂ, ਪਾਰਸੀ ਹਾਂ, ਮੈਂ ਆਜ਼ਾਦ ਹਾਂ ਅਤੇ ਮੈਂ ਦੂਜਿਆਂ ਦੀ ਆਜ਼ਾਦੀ ਦਾ ਵੀ ਸਤਿਕਾਰ ਕਰਦੀ/ਕਰਦਾ ਹਾਂ।

ਆਜ਼ਾਦੀ ਉਹ ਹੁੰਦੀ ਹੈ ਜਿਥੇ ਕੋਈ ਵੀ ਅਪਣੇ ਵਖਰੇ ਅਕੀਦੇ ਸਦਕਾ, ਦੂਜੇ ਦੇ ਹੁਕਮਾਂ ਨੂੰ ਮੰਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਅਫ਼ਸੋਸ ਅੱਜ ਸਾਰਾ ਭਾਰਤ ਅੰਗਰੇਜ਼ੀ ਰਾਜ ਵਾਂਗ ਇਕ-ਦੂਜੇ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਅੱਜ ਦੇ ਭਾਰਤੀ ਹਾਕਮ, ਅੰਗਰੇਜ਼ਾਂ ਵਾਂਗ ਬਣ ਕੇ ਦੂਜੇ ਨੂੰ ਨੀਵਾਂ ਕਰ ਕੇ ਅਪਣੀ ਚੜ੍ਹਤ ਬਣਾਉਣਾ ਚਾਹੁੰਦੇ ਹਨ। ਯਾਨੀ ਕਿ ਆਜ਼ਾਦ ਭਾਰਤ ਅਜੇ ਵੀ ਅੰਦਰੋਂ ਕਮਜ਼ੋਰ ਹੈ।

ਅਪਣੇ ਆਪ ਨੂੰ ਛੋਟਾ ਮੰਨਦਾ ਹੈ ਅਤੇ ਅਪਣੇ ਆਪ ਨੂੰ ਵੱਡਾ ਕਰਨ ਵਾਸਤੇ ਦੂਜਿਆਂ ਨੂੰ ਅਪਣੇ ਵਾਂਗ ਢਾਲਣਾ ਚਾਹੁੰਦਾ ਹੈ। ਇਹ ਤਾਂ ਅੰਗਰੇਜ਼ ਦੀ ਨਕਲ ਹੀ ਜਾਪਦੀ ਹੈ। ਆਜ਼ਾਦੀ ਦੇ ਰਾਹ ਉਤੇ ਚਲਦੇ ਭਾਰਤ ਨੂੰ ਅੱਜ ਸਹਿਣਸ਼ੀਲਤਾ ਦੀ ਜ਼ਰੂਰਤ ਹੈ। ਖ਼ੁਦ ਵੀ ਆਜ਼ਾਦ ਹੋਣ ਅਤੇ ਦੂਜੇ ਨੂੰ ਵੀ ਵਖਰੀ ਸੋਚ ਰੱਖਣ ਦੀ ਇਜਾਜ਼ਤ ਦਿਉ।

-ਨਿਮਰਤ ਕੌਰ