ਬਿਮਾਰ ਪੰਜਾਬ ਦੀ ਹੋਣ ਜਾ ਰਹੀ ਬਰਬਾਦੀ ਦੀ ਚਿੰਤਾ ਲਈ ਕਿਉਂ ਗੰਭੀਰ ਨਹੀਂ ਸਰਕਾਰਾਂ ਤੇ ਕਾਨੂੰਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰੀਕ੍ਰਾਂਤੀ ਦੇ ਨਾਂਅ 'ਤੇ ਦੁਸ਼ਮਣ ਤਾਕਤਾਂ ਦੀਆਂ ਪੰਜਾਬ ਨੂੰ ਰੇਗਿਸਤਾਨ ਹੀ ਨਹੀਂ ਬਲਕਿ ਜ਼ਹਿਰੀਲਾ ਰੇਗਿਸਤਾਨ ਬਣਾਉਣ ...

field

 ਰੇਗਿਸਤਾਨ ਹੀ ਨਹੀਂ ਸਗੋਂ ਜਹਿਰੀਲਾ ਰੇਗਿਸਤਾਨ ਬਣਨ ਵੱਲ ਵੱਧ ਰਿਹੈ ਪੰਜਾਬ
 ਰਸਾਇਣਕ ਖਾਦਾਂ ਤੇ ਸਪਰੇਆਂ ਨੇ ਹਵਾ-ਪਾਣੀ ਅਤੇ ਖਾਦ ਪਦਾਰਥ ਕੀਤੇ ਦੂਸ਼ਿਤ
 ਚਿੰਤਾਜਨਕ! ਪੰਜਾਬ ਵਿੱਚ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖੀਰਾ ਹੋਇਆ ਖਤਮ ?

ਕੋਟਕਪੂਰਾ,  (ਗੁਰਿੰਦਰ ਸਿੰਘ) :- ਹਰੀਕ੍ਰਾਂਤੀ ਦੇ ਨਾਂਅ 'ਤੇ ਦੁਸ਼ਮਣ ਤਾਕਤਾਂ ਦੀਆਂ ਪੰਜਾਬ ਨੂੰ ਰੇਗਿਸਤਾਨ ਹੀ ਨਹੀਂ ਬਲਕਿ ਜ਼ਹਿਰੀਲਾ ਰੇਗਿਸਤਾਨ ਬਣਾਉਣ ਦੀਆਂ ਸਾਜਿਸ਼ਾਂ ਅਤੇ ਕੌਸ਼ਿਸ਼ਾਂ ਸਫਲ ਹੁੰਦੀਆਂ ਪ੍ਰਤੀਤ ਹੋ ਰਹੀਆਂ ਹਨ। ਭਾਂਵੇ ਉਕਤ ਘਟਨਾਕ੍ਰਮ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਾਡੀਆਂ ਸਰਕਾਰਾਂ, ਸਬੰਧਤ ਵਿਭਾਗ, ਕਾਨੂੰਨ, ਪ੍ਰਸ਼ਾਸ਼ਨ, ਸੰਸਥਾਵਾਂ ਤੇ ਜਥੇਬੰਦੀਆਂ ਦੀ ਹੈਰਾਨੀਜਨਕ ਚੁੱਪ ਨੇ ਬਿਮਾਰ ਅਤੇ ਬਰਬਾਦ ਹੋਣ ਜਾ ਰਹੇ ਪੰਜਾਬ ਦਾ ਫਿਕਰ ਕਰਨਾ ਸ਼ਾਇਦ ਛੱਡ ਦਿੱਤਾ ਹੈ ਪਰ ਫਿਰ ਵੀ ਕੁਝ ਵਾਤਾਵਰਣ ਪ੍ਰੇਮੀ ਤੇ ਪੰਜਾਬ ਦੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਚਿੰਤਤ ਜਾਂ ਯਤਨਸ਼ੀਲ ਸ਼ਖਸ਼ੀਅਤਾਂ ਹਨ ਜੋ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜ੍ਹੀ ਬਣਿਆ ਦੇਖਣਾ ਚਾਹੁੰਦੀਆਂ ਹਨ।

ਜਿਲਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਅਤੇ ਉੱਘੇ ਵਾਤਾਵਰਣ ਪ੍ਰੇਮੀ ਡਾ. ਮਨਜੀਤ ਸਿੰਘ ਢਿੱਲੋਂ ਨੇ ਮੰਨਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਗਿਰਾਵਟ ਵੱਲ ਵੱਧ ਰਿਹਾ ਹੈ ਤੇ ਦੁਨੀਆਂ ਭਰ ਦੇ ਸਿਆਸਤਦਾਨਾ ਵੱਲੋਂ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚੋਂ ਦੋ ਪਰਤਾਂ ਦਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਜਾਣ ਦੀਆਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਸੀਂ ਇਸ ਸਮੱਸਿਆ ਬਾਰੇ ਗੰਭੀਰ ਹੋਣ ਦੀ ਜਰੂਰਤ ਹੀ ਨਹੀਂ ਸਮਝੀ, ਜੇ ਉਕਤ ਸਿਲਸਿਲਾ ਇਸੇ ਤਰਾਂ ਜਾਰੀ ਰਿਹਾ ਤਾਂ ਤੀਜੀ ਪਰਤ ਵਿਚਲੇ ਪਾਣੀ ਨੂੰ ਦੇਖਦੇ-ਦੇਖਦੇ ਹੀ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਉਨਾ ਦਾਅਵਾ ਕੀਤਾ ਕਿ ਕਰੋੜਾਂ ਤੋਂ ਲੱਖਾਂ ਰੁਪਏ ਤੱਕ ਰਹਿ ਗਈਆਂ ਜਮੀਨਾਂ ਦੀ ਕੀਮਤ ਅਗਲੇ ਦੋ ਦਹਾਕੇ ਤੱਕ ਹਜਾਰਾਂ ਰੁਪਏ ਤੱਕ ਰਹਿ ਜਾਵੇਗੀ।

ਜੈਵਿਕ ਖੇਤੀ ਕਰਨ ਦਾ ਹੌਕਾ ਦੇਣ ਵਾਲੇ ਕਿਸਾਨਾਂ ਊਧਮ ਸਿੰਘ ਔਲਖ ਅਤੇ ਦਿਲਾਵਰ ਸਿੰਘ ਢੀਮਾਂਵਾਲੀ ਅਨੁਸਾਰ ਦੁਨੀਆਂ ਭਰ ਦੇ ਸਿਆਸਤਦਾਨਾ ਵੱਲੋਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਵਾਰ-ਵਾਰ ਸੁਚੇਤ ਕਰਦਿਆਂ ਕਈ ਸਾਲਾਂ ਤੋਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਪੰਜਾਬ 'ਚ ਖੇਤੀਬਾੜੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਹੀ ਕਰਨ ਬਾਰੇ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ 'ਚ ਮਨੁੱਖੀ ਜੀਵਨ ਲਈ ਬੇਹੱਦ ਲੋੜੀਂਦਾ ਹੈ, ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬ ਤੋਂ ਬਾਹਰ ਜਾਣ ਕਾਰਨ ਪੰਜਾਬੀ ਜਮੀਨਦੋਜ਼ ਪਾਣੀ ਵਰਤਣ ਲਈ ਮਜਬੂਰ ਹਨ।

ਅਜਿਹੇ ਹਲਾਤਾਂ 'ਚ ਕਿਸਾਨਾ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਕੀਤਾ ਜਾ ਰਿਹਾ ਹੈ। ਉਨਾ ਦੱਸਿਆ ਕਿ ਪੰਜਾਬ ਦੇ ਪਾਣੀ ਗੁਆਂਢੀ ਰਾਜਾਂ ਨੂੰ ਦੇਣ ਦਾ ਫੈਸਲਾ ਕਰਨ ਵਾਲਿਆਂ ਨੂੰ ਅੱਧੀ ਸਦੀ ਪਹਿਲਾਂ ਹੀ ਪਤਾ ਸੀ ਕਿ ਪੰਜਾਬ ਸੋਕੇ ਦੀ ਮਾਰ ਵੱਲ ਵੱਧ ਰਿਹਾ ਹੈ, ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ, ਬਲਕਿ ਇਹ ਦੇਖਣਾ ਹੋਵੇਗਾ ਕਿ ਕਿੰਨੀ ਛੇਤੀ ਬਣੇਗਾ। ਉਨਾ ਕਿਹਾ ਕਿ ਦਰਿਆਵਾਂ ਦੇ ਪਾਣੀਆਂ ਦੀ ਅਣਹੌਂਦ ਕਾਰਨ ਇਹ ਘਾਟ ਕਿਸਾਨਾ ਨੂੰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨਾਲ ਪੂਰੀ ਕਰਨੀ ਪੈ ਰਹੀ ਹੈ, ਜੋ ਸ਼ੁੱਭ ਸੰਕੇਤ ਨਹੀਂ ਬਲਕਿ ਚਿੰਤਾ ਦਾ ਵਿਸ਼ਾ ਹੈ।

ਵਾਤਾਵਰਣ ਦੀ ਸੰਭਾਲ ਲਈ ਚਿੰਤਤ ਅਤੇ ਉੱਘੇ ਸਮਾਜਸੇਵੀਆਂ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸੁਖਵਿੰਦਰ ਸਿੰਘ ਬੱਬੂ ਅਨੁਸਾਰ ਪੰਜਾਬ ਦੀ ਧਰਤੀ 'ਤੇ 13 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਪੰਜਾਬ ਨੂੰ ਲਗਾਤਾਰ ਸੋਕੇ ਵੱਲ ਲਿਜਾ ਰਹੇ ਹਨ। ਇਕ ਅੰਦਾਜੇ ਅਨੁਸਾਰ ਅਗਲੇ 15 ਸਾਲਾਂ ਦੌਰਾਨ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ, ਕਿਉਂਕਿ ਹਰ ਸਾਲ ਜੂਨ-ਜੁਲਾਈ ਮਹੀਨੇ 'ਚ ਪਾਣੀ ਦੀ ਜਰੂਰਤ ਵੱਧ ਜਾਂਦੀ ਹੈ, ਜਿਸ ਕਾਰਨ ਹਰ ਸਾਲ ਮੋਟਰਾਂ ਦੀ ਡਲਿਵਰੀ ਪਾਈਪ 'ਚ 10 ਫੁੱਟ ਦਾ ਵਾਧਾ ਕਰਨਾ ਪੈਂਦਾ ਹੈ। ਇਸ ਤਰਾਂ ਪੰਜਾਬ ਦੇ ਢਾਈ ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਬਚੇਗਾ।

ਉਨਾ ਦੱਸਿਆ ਕਿ ਪੰਜਾਬ 'ਚ ਇਕ ਪਾਸੇ ਤਾਜੇ ਪਾਣੀ ਦਾ ਅਣਮੁੱਲਾ ਜਖੀਰਾ ਖਤਮ ਹੋ ਚੁੱਕਾ ਹੈ, ਦੂਜੇ ਪਾਸੇ ਜਹਿਰੀਲੀਆਂ ਦਵਾਈਆਂ ਨਾਲ ਜਮੀਨੀ ਹਰਿਆਲੀ ਅਤੇ ਉਪਰਲੀ ਤਹਿ ਦੂਸ਼ਿਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਰਹਿ ਗਈ। ਵਾਤਾਵਰਣ ਪ੍ਰੇਮੀਆਂ ਤੇ ਪੰਜਾਬ ਨੂੰ ਹਰਿਆਲੀ ਨਾਲ ਭਰਪੂਰ ਕਰਨ ਲਈ ਯਤਨਸ਼ੀਲ ਸੰਦੀਪ ਅਰੋੜਾ ਅਤੇ ਜਸਵਿੰਦਰ ਸਿੰਘ ਮੱਤਾ ਅਨੁਸਾਰ ਇਕ ਪਾਸੇ ਹਵਾ-ਪਾਣੀ ਪ੍ਰਦੂਸ਼ਿਤ ਹੋਏ ਪਏ ਹਨ ਤੇ ਮਿਲਾਵਟਾਂ ਕਾਰਨ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਦੂਜੇ ਪਾਸੇ ਮੱਝਾਂ ਵੀ ਖਤਰਨਾਕ ਕਿਸਮ ਦੇ ਟੀਕੇ ਲਾਉਣ ਤੋਂ ਬਾਅਦ ਹੀ ਦੁੱਧ ਦਿੰਦੀਆਂ ਹਨ, ਰਸਾਇਣਕ ਖਾਦਾਂ ਅਤੇ ਸਪਰੇਆਂ ਵਾਲੇ ਹਰੇ ਚਾਰੇ ਕਾਰਨ ਦੁੱਧ ਜਾਂ ਦੁੱਧ ਤੋਂ ਬਣੀਆਂ ਬਹੁਤੀਆਂ ਵਸਤਾਂ ਸ਼ੁੱਧ ਨਹੀਂ।

ਇਸ ਤੋਂ ਇਲਾਵਾ ਦਰੱਖਤਾਂ ਦਾ ਘਟਣਾ ਵੀ ਬਹੁਤ ਵੱਡਾ ਕਾਰਨ ਹੈ। ਉਨਾ ਦੱਸਿਆ ਕਿ ਪੌਦਿਆਂ ਦੀ ਜਗ੍ਹਾ ਫੈਕਟਰੀਆਂ ਦਾ ਵਾਧਾ ਹੋ ਰਿਹਾ ਹੈ, ਜਿਸ ਕਰਕੇ ਕਚਹਿਰੀਆਂ 'ਚ ਮੇਲੇ ਲੱਗਣ ਦੀ ਬਜਾਇ ਹਸਪਤਾਲ ਮਰੀਜਾਂ ਨਾਲ ਭਰੇ ਪਏ ਹਨ। ਫਸਲਾਂ, ਸਬਜੀਆਂ, ਫਲ-ਫਰੂਟ ਆਦਿਕ ਖਾਦ ਪਦਾਰਥਾਂ ਉੱਪਰ ਧੜਾਧੜ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਪੰਜਾਬ ਬਿਮਾਰ ਹੋ ਰਿਹੈ, ਹਵਾ ਤੇ ਪਾਣੀ ਵੱਡੇ ਪੱਧਰ 'ਤੇ ਪ੍ਰਦੂਸ਼ਿਤ, ਦਿਨੋ ਦਿਨ ਪਾਣੀ ਦੀ ਘਾਟ, ਅਜਿਹੀਆਂ ਬਹੁਤ ਸਾਰੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਦੇ ਹੱਲ ਲਈ ਸਾਨੂੰ ਸੁਚੇਤ ਹੋਣਾ ਪਵੇਗਾ ਨਹੀਂ ਤਾਂ ਪੰਜਾਬ ਰੇਗਿਸਤਾਨ ਹੀ ਨਹੀਂ ਬਲਕਿ ਜਹਿਰੀਲਾ ਰੇਗਿਸਤਾਨ ਬਣੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਣਤਾ ਪਾਉਣਗੀਆਂ।