ਦੀਦੀ ਤੇ ਮੋਦੀ ਦਾ ਰਹੱਸਮਈ ਰਿਸ਼ਤਾ
ਕੀ ਹੈ ਮਮਤਾ ਤੇ ਮੋਦੀ ਵਿਚਲੀ ਸੱਚਾਈ, ਆਓ ਘੋਖੀਏ
24 ਅਪ੍ਰੈਲ 2019 ਦੀ ਸਵੇਰ ਹਰ ਰਾਸ਼ਟਰੀ ਨਿਊਜ਼ ਚੈਨਲ ’ਤੇ ਇਕ ਹੀ ਨਜ਼ਾਰਾ ਸੀ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਵਿਚ ਟਹਿਲਦੇ, ਚਾਹ ਪੀਂਦੇ ਤੇ ਗੱਲਬਾਤ ਕਰਦੇ ਹੋਏ। ਇਹ ਗੱਲਬਾਤ ਨਿਊਜ਼ ਏਜੰਸੀ ਏਐਨਆਈ ਵਲੋਂ ਜਾਰੀ ਕੀਤੀ ਗਈ। ਦ੍ਰਿਸ਼ ਥੋੜ੍ਹਾ ਹੈਰਾਨੀਜਨਕ ਸੀ, ਅਕਸ਼ੈ ਕੁਮਾਰ ਪ੍ਰਧਾਨ ਮੰਤਰੀ ਨਾਲ ਕੀ ਕਰ ਰਹੇ ਸਨ। ਕੀ ਉਹ ਇਕ ਦੋਸਤ ਦੇ ਰੂਪ ਵਿਚ ਗੱਲ ਕਰ ਰਹੇ ਸਨ ਜਾਂ ਇਕ ਪੱਤਰਕਾਰ ਦੇ ਰੂਪ ਵਿਚ ਜਾਂ ਇਕ ਫ਼ੈਨ ਦੇ ਰੂਪ ਵਿਚ।
ਪੂਰੀ ਗੱਲਬਾਤ ਵਿਚ ਰਾਜਨੀਤੀ, ਅਰਥ ਵਿਵਸਥਾ ਜਾਂ ਫਿਰ ਸੰਪ੍ਰਦਾਇਕ ਮਾਹੌਲ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਹੈ। ਇਸ ਵਿਚ ਇਕ ਗੱਲ ਹੈਰਾਨ ਕਰਨ ਵਾਲੀ ਸੀ, ਪ੍ਰਧਾਨ ਮੰਤਰੀ ਵਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਜ਼ਿਕਰ ਕਰਨਾ। ਅਕਸ਼ੈ ਕੁਮਾਰ ਵਲੋਂ ਇਹ ਪੁੱਛੇ ਜਾਣ ’ਤੇ ਕਿ ਵਿਰੋਧੀ ਧਿਰ ਨਾਲ ਉਨ੍ਹਾਂ ਦੇ ਕਿਸ ਤਰ੍ਹਾਂ ਦੇ ਸਬੰਧ ਹਨ, ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਅੱਜ ਵੀ ਉਨ੍ਹਾਂ ਲਈ ਸਾਲ ਵਿਚ 2-3 ਕੁੜਤੇ ਭੇਜਦੇ ਹਨ ਜੋ ਕਿ ਉਹ ਆਪ ਪਸੰਦ ਕਰਦੇ ਹਨ।
ਮਮਤਾ ਬੈਨਰਜੀ ਉਨ੍ਹਾਂ ਲਈ ਬੰਗਾਲੀ ਮਿਠਾਈ ਵੀ ਭੇਜਦੇ ਹਨ। ਪਿਛਲੇ ਕੁਝ ਦਿਨਾਂ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਬੈਨਰਜੀ ਵਿਚਕਾਰ ਕਾਫ਼ੀ ਸਖ਼ਤ ਸ਼ਬਦਾਂ ਦੀ ਜੰਗ ਵੇਖੀ ਗਈ ਹੈ। ਦੋਵਾਂ ਨੇ ਇਕ ਦੂਜੇ ਨੂੰ ਸ਼ਿਸ਼ਟਾਚਾਰ ਤੋਂ ਥੱਲੇ ਡਿੱਗ ਕੇ ਮੰਦੇ ਲਫ਼ਜ਼ ਬੋਲੇ ਹਨ। ਇਸੇ ਕਰਕੇ ਮੋਦੀ ਵਲੋਂ ਕੀਤੀ ਗਈ ਮਮਤਾ ਦੀ ਤਾਰੀਫ਼ ਕੁਝ ਰੜਕਦੀ ਹੈ। ਮੋਦੀ ਨੇ ਮਮਤਾ ਨੂੰ ਕਈ ਨਾਵਾਂ ਨਾਲ ਪੁਕਾਰਿਆ ਹੈ ਜਿਵੇਂ ਕਿ ਸਪੀਡ ਬ੍ਰੇਕਰ ਦੀਦੀ ਜੋ ਕਿ ਬੰਗਾਲ ਦਾ ਵਿਕਾਸ ਨਹੀਂ ਹੋਣ ਦਿੰਦੀ, ਮਾਂ-ਸ਼ਾਰਦਾ, ਸ਼ਾਰਦਾ ਚਿੱਟ ਫੰਡ ਘੋਟਾਲੇ ਦਾ ਜ਼ਿਕਰ ਕਰਦੇ ਹੋਏ ਅਤੇ ਨਾਰਦ ਘੋਟਾਲੇ ਦਾ ਜ਼ਿਕਰ ਕਰਦੇ ਹੋਏ ਨਾਰਦ ਮੁਨੀ ਵੀ ਕਿਹਾ ਹੈ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਬਾਰੇ ਇਹ ਤੱਕ ਕਹਿ ਦਿਤਾ ਕਿ ਜੇ ਕਿਤੇ ਪ੍ਰਧਾਨ ਮੰਤਰੀ ਦਾ ਅਹੁਦਾ ਵਿਕਾਉ ਹੰਦਾ ਤਾਂ ਮਮਤਾ ਉਹ ਵੀ ਖ਼ਰੀਦ ਲੈਂਦੇ। ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਉਤੇ ਕਈ ਨਿਸ਼ਾਨੇ ਸਾਧੇ ਹਨ। ਕਈ ਵਾਰ ਪ੍ਰਧਾਨ ਮੰਤਰੀ ਅਤੇ ਸ਼ਾਰਦਾ ਚਿੱਟ ਫੰਡ ਘੋਟਾਲੇ ਦੇ ਮੁੱਖ ਮੁਲਜ਼ਮ ਮੁਕੁਲ ਰਾਏ ਦਾ ਇਕੱਠਿਆਂ ਮੰਚ ਉਤੇ ਬੈਠਣ ਬਾਰੇ ਸਖ਼ਤ ਲਫ਼ਜ਼ਾਂ ਵਿਚ ਨਿਖੇਧੀ ਕੀਤੀ ਹੈ। ਸੀਬੀਆਈ ਵਲੋਂ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕਈ ਅਫ਼ਸਰਾਂ ਨਾਲ ਮਮਤਾ ਬੈਨਰਜੀ ਸੜਕ ’ਤੇ ਹੀ ਧਰਨਾ ਦੇ ਕੇ ਬੈਠ ਗਏ ਸਨ।
ਇਹ ਧਰਨਾ ਇਕ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਵਿਰੁਧ ਚੁੱਕਿਆ ਗਿਆ ਵੱਡਾ ਕਦਮ ਸੀ। ਮਮਤਾ ਬੈਨਰਜੀ ਨੇ ਖੁੱਲ੍ਹ ਕੇ ਮੋਦੀ ਅਤੇ ਆਰਐਸਐਸ ਵਲੋਂ ਕੀਤੀ ਜਾਂਦੀ ਸੰਪ੍ਰਦਾਇਕ ਰਾਜਨੀਤੀ ਦੀ ਨਿਖੇਧੀ ਕਈ ਵਾਰ ਕੀਤੀ ਹੈ। ਇਨ੍ਹਾਂ ਸਭ ਦੇ ਚੱਲਦੇ ਹੋਏ ਪਿਛਲੇ ਦਿਨਾਂ ਵਿਚ ਇਹ ਲੱਗਣ ਲੱਗ ਪਿਆ ਸੀ ਕਿ ਇਹ ਦੋਵੇਂ ਨੇਤਾ ਇਕ ਦੂਜੇ ਨੂੰ ਬਿਲਕੁੱਲ ਨਹੀਂ ਸੁਖਾਂਦੇ। ਇਸੇ ਕਰਕੇ ਮੋਦੀ ਦਾ ਅੱਜ ਦਾ ਬਿਆਨ ਹੈਰਾਨੀਜਨਕ ਹੈ। ਜ਼ਿਕਰਯੋਗ ਹੈ ਕਿ ਬੰਗਾਲ ਵਿਚ 30 ਫ਼ੀ ਸਦੀ ਮੁਸਲਮਾਨ ਵੱਸਦੇ ਹਨ। ਇਨ੍ਹਾਂ ਮੁਸਲਮਾਨਾਂ ਨੂੰ ਮੋਦੀ ਵਿਰੁਧ ਕਰਨ ਲਈ ਮਮਤਾ ਬੈਨਰਜੀ ਨੇ ਆਰਐਸਐਸ ਤੇ ਭਾਜਪਾ ਦੀਆਂ ਨੀਤੀਆਂ ਨੂੰ ਖ਼ੂਬ ਭੰਡਿਆ ਹੈ।
ਉਨ੍ਹਾਂ ਨੇ ਮੁਸਲਿਮ ਜਨਤਾ ਨੂੰ ਇਹ ਯਕੀਨ ਦਿਵਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਪਾਰਟੀਆਂ ਅਤੇ ਇਨ੍ਹਾਂ ਦੇ ਮੁੱਖ ਨੇਤਾ ਮੋਦੀ ਅਤੇ ਅਮਿਤ ਸ਼ਾਹ ਦੇਸ਼ ਵਿਚ ਵਾਪਰ ਰਹੀ ਹਰ ਸੰਪ੍ਰਦਾਇਕ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹਨ ਤੇ ਇਨ੍ਹਾਂ ਦਾ ਮੁੜ ਸੱਤਾ ਵਿਚ ਆਉਣਾ ਮੁਸਲਮਾਨਾਂ ਲਈ ਨੁਕਸਾਨਦੇਹ ਹੈ। ਇਸੇ ਤਰ੍ਹਾਂ ਭਾਜਪਾ ਨੂੰ ਵੀ ਅੰਦਾਜ਼ਾ ਹੈ ਕਿ ਪੱਛਮੀ ਬੰਗਾਲ ’ਤੇ ਵੀ ਉਸ ਦੀ ਪਕੜ ਨਹੀਂ ਹੈ। ਦੇਸ਼ ਦੇ ਹਿੰਦੀ ਭਾਸ਼ੀ ਅਤੇ ਹਿੰਦੂ ਬਹੁਗਿਣਤੀ ਇਲਾਕਿਆਂ ਵਿਚ ਭਾਜਪਾ ਨੂੰ ਵੱਡਾ ਸਮਰਥਨ ਮਿਲਿਆ ਹੈ ਪਰ ਬੰਗਾਲ ਵਿਚ ਇਹ ਪੂਰੀ ਤਰ੍ਹਾਂ ਸੰਭਵ ਨਹੀਂ ਹੋਇਆ ਹੈ।
ਮਮਤਾ ਬੈਨਰਜੀ ਵੱਖੋ-ਵੱਖਰੇ ਸਿਆਸੀ ਨੇਤਾਵਾਂ ਨੂੰ ਸਮੇਂ-ਸਮੇਂ ਤੇ ਤੋਹਫ਼ੇ ਦੇਣ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਸ ਸੂਚੀ ਵਿਚ ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ, ਚੰਦਰਬਾਬੂ ਨਾਇਡੂ ਆਦਿ ਨੇਤਾ ਸ਼ਾਮਲ ਹਨ। ਇਸ ਸੂਚੀ ਵਿਚ ਵਿਰੋਧੀ ਧਿਰਾਂ ਦੇ ਕਈ ਨੇਤਾ ਸ਼ਾਮਲ ਹਨ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਤੇ ਸ਼ਾਹ ਦਾ ਨਾਂਅ ਵੀ ਇਸ ਸੂਚੀ ਵਿਚ ਜੁੜ ਗਿਆ। ਜ਼ਿਕਰਯੋਗ ਹੈ ਕਿ ਮਮਤਾ ਵਲੋਂ ਇਹ ਤੋਹਫ਼ੇ ਦਿਨ ਤਿਉਹਾਰ ਮੌਕੇ ਜਾਂ ਫਿਰ ਕਿਸੇ ਖ਼ਾਸ ਦਿਨ ਭਿਜਵਾਏ ਜਾਂਦੇ ਹਨ।
ਮੌਜੂਦਾ ਚੁਣਾਵੀ ਮੌਸਮ ਦੌਰਾਨ ਮਮਤਾ ਬੈਨਰਜੀ ਦਾ ਤੋਹਫ਼ੇ ਭੇਜਣ ਦਾ ਸ਼ੌਂਕ ਜੇ ਢਕਿਆ ਰਹਿੰਦਾ ਤਾਂ ਉਨ੍ਹਾਂ ਲਈ ਵਧੀਆ ਸੀ। ਉਨ੍ਹਾਂ ਵੋਟਰਾਂ ਦੇ ਮਨਾਂ ਵਿਚ ਸੰਪ੍ਰਦਾਇਕ ਤਾਕਤਾਂ ਵਿਰੁਧ ਆਵਾਜ਼ ਚੁੱਕਣ ਵਾਲੀ ਛਵੀ ਕਾਫ਼ੀ ਮਿਹਨਤ ਨਾਲ ਬਣਾਈ ਸੀ, ਜਿਸ ਨੂੰ ਕਿ ਇਹ ਭੇਦ ਖੁੱਲ੍ਹਣ ਨਾਲ ਚੋਟ ਪਹੁੰਚੇਗੀ। ਵੋਟਰਾਂ ਦੇ ਮਨਾਂ ਵਿਚ ਇਹ ਸਵਾਲ ਜ਼ਰੂਰ ਉੱਠੇਗਾ ਕਿ ਜਿਸ ਇਨਸਾਨ ਅਤੇ ਜਿਸ ਪਾਰਟੀ ਵਿਰੁਧ ਮਮਤਾ ਨੇ ਬੁਲੰਦ ਆਵਾਜ਼ ਵਿਚ ਨਾਅਰਾ ਲਾਇਆ ਉਸ ਨੂੰ ਤੋਹਫ਼ੇ ਕਿਉਂ ਭੇਜੇ ਜਾ ਰਹੇ ਸਨ।
ਮੋਦੀ ਦੇ ਇਸ ਜ਼ਿਕਰ ਨਾਲ ਉਨ੍ਹਾਂ ਵਲੋਂ ਮਮਤਾ ਦੀ ਕੀਤੀ ਜਾਂਦੀ ਨਿਖੇਧੀ ਵੀ ਫਿੱਕੀ ਪਵੇਗੀ। ਵੋਟਰ ਇਹ ਸਵਾਲ ਚੁੱਕਣਗੇ ਕਿ ਜਿਸ ਮਮਤਾ ਨੂੰ ਉਹ ਸਪੀਡ ਬ੍ਰੇਕਰ ਤੇ ਪ੍ਰਧਾਨ ਮੰਤਰੀ ਅਹੁਦੇ ਦੀ ਖ਼ਰੀਦਦਾਰ ਕਹਿੰਦੇ ਹਨ ਉਸ ਤੋਂ ਤੋਹਫ਼ੇ ਕਿਉਂ ਲੈ ਰਹੇ ਸਨ। ਜੇ ਇਨ੍ਹਾਂ ਦੋਵਾਂ ਨੇਤਾਵਾਂ ਦੇ ਨਿੱਜੀ ਜ਼ਿੰਦਗੀ ਵਿਚ ਨਿੱਘੇ ਸਬੰਧ ਹਨ ਤਾਂ ਕੀ ਉਹ ਜਨਤਾ ਸਾਹਮਣੇ ਆ ਕੇ ਝੂਠ ਬੋਲਦੇ ਹਨ? ਕੀ ਮੋਦੀ ਨੇ ਮੌਕੇ ਦਾ ਫ਼ਾਇਦਾ ਚੁੱਕ ਕੇ ਅਗਲੇ ਪ੍ਰਧਾਨ ਮੰਤਰੀ ਦੀ ਇਕ ਦਾਅਵੇਦਾਰ ਦੀ ਸਾਖ਼ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਹੁਣ 23 ਮਈ ਤੋਂ ਬਾਅਦ ਹੀ ਸਾਫ਼ ਹੋਣਗੇ ਪਰ ਮੁਕਾਬਲਾ ਦਿਲਚਸਪ ਰਹੇਗਾ।
ਰਵਿਜੋਤ ਕੌਰ