ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਿਤ ਸੀ ਸ. ਕਰਤਾਰ ਸਿੰਘ ਸਰਾਭਾ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ

S. Kartar singh sarbha

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ |

ਜਦੋਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਘੁਲਾਟੀਆਂ ਦੀ ਗੱਲ ਹੁੰਦੀ ਹੈ ਤਾਂ ਗਦਰੀ ਇਨਕਲਾਬੀ ਕਰਤਾਰ ਸਿੰਘ ਸਰਾਭਾ ਦਾ ਨਾਮ ਅਤੇ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਇਹ ਸਤਰਾਂ ਮਨ ਅੰਦਰ ਇੱਕ ਜਜ਼ਬਾ, ਇੱਕ ਜਨੂੰਨ ਜਿਹਾ ਭਰ ਜਾਂਦੀਆਂ ਹਨ |

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ । ਨਿੱਕੀ ਉਮਰੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਦਾਦਾ ਸਰਦਾਰ ਬਚਨ ਸਿੰਘ ਨੇ  ਕਰਤਾਰ ਸਿੰਘ ਦਾ ਪਾਲਣ-ਪੋਸ਼ਣ ਕੀਤਾ | ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਤੋਂ ਮੁੱਢਲੀ ਵਿੱਦਿਆ ਹਾਸਿਲ ਕਰਨ ਉਪਰੰਤ ਕਰਤਾਰ ਸਿੰਘ ਅੱਗੇ ਦੀ ਪੜ੍ਹਾਈ ਕਰਨ ਲਈ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ ਚਲਾ ਗਿਆ | 16 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਨੇ ਰਸਾਇਣ ਦੀ ਵਿੱਦਿਆ ਹਾਸਿਲ ਕਰਨ ਲਈ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਦਾਖਲਾ ਲਿਆ |

ਬਰਕਲੇ ਦੇ ਨਾਲੰਦਾ ਕਲੱਬ ਵਿਖੇ ਭਾਰਤੀਆਂ ਨਾਲ ਵਧਦੀ ਮਿੱਤਰਤਾ ਨੇ ਸਰਾਭਾ ਦੇ ਮਨ ਵਿਚਲੀ ਦੇਸ਼ ਭਗਤੀ ਨੂੰ ਭਰਵਾਂ ਹੁਲਾਰਾ ਦਿੱਤਾ | 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਤੋਂ ਬਾਅਦ ਕਰਤਾਰ ਸਿੰਘ ਨੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਅਤੇ ਪਾਰਟੀ ਦੇ ਸਕੱਤਰ ਹਰਦਿਆਲ ਸਿੰਘ ਨਾਲ ਮਿਲ ਕੇ ਗਦਰ ਅਖਬਾਰ ਚਲਾਉਣ ਵਿੱਚ ਸਹਿਯੋਗ ਦਿੱਤਾ ਅਤੇ ਇਸ ਅਖ਼ਬਾਰ ਦੇ ਗੁਰਮੁਖੀ ਸੰਸਕਰਣ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ ਅਤੇ ਆਪਣੇ ਹੱਥੀਂ ਹਜਾਰਾਂ ਦੀ ਗਿਣਤੀ ਵਿੱਚ ਅਖ਼ਬਾਰ ਛਾਪਣਾ ਸ਼ੁਰੂ ਕਰ ਦਿੱਤਾ | ਕਰਤਾਰ ਸਿੰਘ ਸਰਾਭਾ ਇਸ ਅਖਬਾਰ ਵਿੱਚ ਦੇਸ਼-ਭਗਤੀ ਦੀਆਂ ਕਵਿਤਾਵਾਂ ਲਿਖਦਾ | ਕਰਤਾਰ ਸਿੰਘ ਸਰਾਭਾ ਬਾਕੀ ਗ਼ਦਰੀਆਂ ਨਾਲ ਮਿਲ ਕੇ ਦੇਸ਼-ਵਾਸੀਆਂ ਨੂੰ ਇੱਕ-ਮੁੱਠ ਕਰਨ ਵਿੱਚ ਜੁਟ ਗਿਆ |

ਕਰਤਾਰ ਸਿੰਘ ਸਰਾਭਾ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਸੀ ਤੇ ਹਮੇਸ਼ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ | ਦੇਸ਼ ਦੀ ਆਪਣਾ ਆਪ ਵਾਰਨ ਦੀ ਪ੍ਰੇਰਨਾ ਵੀ ਸਰਾਭੇ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲੀ ਸੀ | ਆਪਣੀ ਪੂਰੀ ਤਨਦੇਹੀ ਨਾਲ ਕਰਤਾਰ ਸਿੰਘ ਸਰਾਭਾ ਦੇਸ਼ ਦੀ ਆਜ਼ਾਦੀ ਖਾਤਰ ਪਾਰਟੀ ਦੀ ਸੇਵਾ ਕਰਦਾ ਸੀ | 18 ਸਾਲ ਦੇ ਨੌਜਵਾਨ ਕਰਤਾਰ ਸਿੰਘ ਸਰਾਭਾ ਦੀ ਤਕਰੀਰ ਐਨੀ ਜ਼ਬਰਦਸਤ ਹੁੰਦੀ ਸੀ ਕਿ ਸੁਣਨ ਵਾਲਾ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੰਦਾ ਸੀ |

ਕਰਤਾਰ ਸਿੰਘ ਸਰਾਭਾ ਬਹੁਤ ਊਰਜਾਵਾਨ ਅਤੇ ਫੁਰਤੀਲੀ ਸ਼ਖਸ਼ੀਅਤ ਸੀ | ਉਸਨੇ  ਭਾਰਤ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਅਣਮੁੱਲਾ ਯੋਗਦਾਨ ਦੇਣ ਲਈ ਕੁਝ ਕੁ ਹਫਤਿਆਂ ਵਿੱਚ ਹੀ ਹਵਾਈ ਜਹਾਜ ਨੂੰ ਚਲਾਉਣ ਦੀ ਟਰੇਨਿੰਗ ਹਾਸਿਲ ਕਰ ਲਈ | ਬਾਬਾ ਸੋਹਨ ਸਿੰਘ ਭਕਨਾ ਵੱਲੋਂ ਜੰਗ ਦੀ ਵਰਤੋਂ ਵਿੱਚ ਆਉਣ ਵਾਲੇ ਹਥਿਆਰਾਂ ਦੀ ਗੱਲ ਜਦੋਂ ਸਰਾਭੇ ਨਾਲ  ਕੀਤੀ ਗਈ ਤਾਂ ਸਰਾਭੇ ਨੇ 2 ਦਿਨਾਂ ਦੇ ਅੰਦਰ 200 ਪਿਸਤੌਲ ਅਤੇ ਹਜਾਰਾਂ ਦੀ ਗਿਣਤੀ ਵਿੱਚ ਕਾਰਤੂਸਾਂ ਦਾ ਇੰਤਜਾਮ ਕਰ ਦਿੱਤਾ ਸੀ | ਇਥੇ ਹੀ ਬਸ ਨਹੀਂ ਕਰਤਾਰ ਸਿੰਘ ਨੇ ਛੋਟੇ ਪੱਧਰ ਤੇ ਬੰਬ ਬਣਾਉਣ ਸਿੱਖ ਲਿਆ ਸੀ |

 ਯੋਜਨਾ ਅਨੁਸਾਰ ਲਹਿਰ ਦਾ ਆਰੰਭ ਫਰਵਰੀ 1915 ਨੂੰ ਹੋਣਾ ਸੀ ਪਰ ਅੰਗਰੇਜ਼ੀ ਹਕੂਮਤ ਦਾ ਇੱਕ ਪਿੱਠੂ ਕਿਰਪਾਲ ਸਿੰਘ ਲਹਿਰ ਵਿੱਚ ਸ਼ਾਮਿਲ ਹੋ ਗਿਆ | ਕਿਰਪਾਲ ਸਿੰਘ ਦੀ ਮੁਖਬਰੀ ਨਾਲ ਅੰਗਰੇਜ਼ੀ ਹਕੂਮਤ ਵੱਲੋਂ ਲਹਿਰ ਵਿੱਚ ਸ਼ਾਮਿਲ ਯੋਧਿਆਂ ਦੀ ਬਹੁਤ ਭਾਰੀ ਗਿਣਤੀ ਵਿੱਚ ਗਿਫ਼ਤਾਰੀ ਕੀਤੀ ਗਈ | ਪਰ ਕਰਤਾਰ ਸਿੰਘ ਸਰਾਭਾ ਇਹਨਾਂ ਗਿਰਫਤਾਰੀਆਂ ਦੌਰਾਨ ਹਕੂਮਤ ਦੇ ਹੱਥ ਨਾ ਆਇਆ ਤੇ ਲਾਹੌਰ ਚਲਾ ਗਿਆ | ਪਰ ਆਜ਼ਾਦੀ ਦੀ ਆਪਣੀ ਇਸ ਲਹਿਰ ਨੂੰ ਜਾਰੀ ਰੱਖਣ ਲਈ ਕਰਤਾਰ ਸਿੰਘ ਸਰਾਭਾ ਮੁੜ ਪੰਜਾਬ ਪਾਰਟੀਆਂ ਤੇ 2 ਮਾਰਚ 1915 ਨੂੰ ਜ਼ਿਲ੍ਹਾ ਸ਼ਾਹਪੁਰ ਵਿਖੇ ਕਰਤਾਰ ਸਿੰਘ ਸਰਾਭਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਫਾਂਸੀ ਤੇ ਝੂਲ ਗਿਆ |