ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਰੋਸ ਮੁਜ਼ਾਹਰਾ ਕਰ ਕੇ ਇਮਰਾਨ ਖ਼ਾਨ ਨੂੰ ਯਾਦ ਪੱਤਰ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨੀ ਸਿੱਖ ਲੜਕੀ ਦਾ ਮਾਮਲਾ

Bishan Singh All India Sikh Students Federation members protest

ਅੰਮਿ੍ਰਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਖੋਜੀਕੀਪੁਰ ਦੀ ਅਗਵਾਈ ਹੇਠ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤ ਘਰ ਦੇ ਅੱਗੇ ਰੋਹ ਭਰਿਆ ਮੁਜ਼ਾਹਰਾ ਕਰਦਿਆਂ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਾਮ ਯਾਦ ਪੱਤਰ ਭੇਜਿਆ ਜਿਸ ਵਿਚ ਮੰਗ ਕੀਤੀ ਗਈ ਕਿ ਸਿੱਖ ਨਾਬਾਲਗ਼ ਲੜਕੀ ਜਗਜੀਤ ਕੌਰ ਨੂੰ ਇਨਸਾਫ਼ ਦਿਤਾ ਜਾਵੇ। 

ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਸਿੱਖ ਪਾਕਿ ਲੜਕੀ ਦਾ ਅਗ਼ਵਾ ਕਰ ਕੇ ਧਰਮ ਪਰਿਵਰਤਨ ਕੀਤਾ ਗਿਆ ਹੈ । ਇਸ ਘਿਨਾਉਣੇ ਕਾਂਡ ਤੋਂ ਸਪੱਸ਼ਟ ਹੋਇਆ ਹੈ ਕਿ ਪਾਕਿ ਵਿਚ ਰਹਿੰਦੇ ਘੱਟ ਗਿਣਤੀ ਪਰਵਾਰ ਗ਼ੁਲਾਮ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਕਾਂਡ ਹੋ ਚੁਕੇ ਹਨ। ਇਕ ਸਿੱਖ ਚਰਨਜੀਤ ਸਿੰਘ ਦਾ ਕਤਲ ਪੇਸ਼ਾਵਰ ਵਿਖੇ ਪਿਛਲੇ ਸਾਲ ਕੀਤਾ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਲਈ ਅਸਹਿ ਹੈ ਕਿ ਕਿਸੇ ਸਿੱਖ ਲੜਕੀ ਜਾਂ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਬਰਦਾਸ਼ਤ ਕੀਤਾ ਜਾਵੇ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਹੁਣ ਤਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸਬੰਧਤ ਮੰਤਰੀ ਦਾ ਇਸ ਅਹਿਮ ਤੇ ਗੰਭੀਰ ਮੁੱਦੇ ’ਤੇ ਕੋਈ ਇਨਸਾਫ਼ ਦੇਣ ਵਾਲਾ ਬਿਆਨ ਨਹੀਂ ਆਇਆ। ਪਕਿਸਤਾਨੀ ਮੀਡੀਆ ਨੂੰ  ਅਜਿਹੀਆਂ ਘਟਨਾਵਾਂ ਪ੍ਰਤੀ ਅੱਗੇ ਆਉਣਾ ਚਾਹੀਦਾ ਹੈ। ਸਿੱਖ ਕੌਮ ਨੇ ਬਿਨਾਂ ਕਿਸੇ ਭੇਦ-ਭਾਵ ਤੇ ਔਰਤ ਜਾਤੀ ਨਾਲ ਹੁੰਦੀਆਂ ਜ਼ਿਆਦਤੀਆਂ ਤੇ ਸ਼ਹਾਦਤਾਂ ਦਿਤੀਆਂ ਹਨ। ਸਿੱਖ ਕੌਮ ਇਨਸਾਫ਼ ਲੈਣਾ ਜਾਣਦੀ ਹੈ।

ਫ਼ੈਡਰੇਸ਼ਨ ਨੇ ਹਮੇਸ਼ਾ ਹੀ ਅਤਿਆਚਾਰਾਂ ਵਿਰੋਧ ਅਤੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦੀ ਕੀਤੀ ਹੈ ਜਿਸ ਤੋਂ ਕੁਲ ਦੁਨੀਆਂ ਜਾਣਦੀ ਹੈ। ਪਾਕਿ ਸਰਕਾਰ ਨੂੰ ਬੇਨਤੀ ਹੈ ਕਿ ਉਹ ਉਕਤ ਲੜਕੀ ਤੇ ਪਰਵਾਰ ਨੂੰ ਇਨਸਾਫ਼ ਦੇਵੇ, ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿਚ ਅਜਿਹੇ ਕਾਂਡ ਨਾ ਹੋਣ। ਜੇਕਰ ਪਾਕਿ ਸਰਕਾਰ ਨੇ ਨਿਆਂ ਨਾ ਕੀਤਾ ਤਾਂ ਫ਼ੈਡਰੇਸ਼ਨ ਯੂ.ਐਨ.ਉ ਨੂੰ ਅਪੀਲ ਕਰੇਗੀ ਕਿ ਉਹ ਪਾਕਿਸਤਾਨ ਸਰਕਾਰ ਨੂੰ ਇਨਸਾਫਫ਼ ਦੇਣ ਲਈ ਦਬਾਅ ਪਾਵੇ।