ਬਾਬਾ ਗੁਰਪਾਲ ਸਿੰਘ ਨੇ ਸਿੱਖ ਯਾਤਰੀ ਜਥੇ ਦੇ ਆਗੂਆਂ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੇਸ਼ਾਵਰ 'ਚ ਅਨੇਕਾਂ ਗੁਰਦਵਾਰੇ ਹਨ ਪ੍ਰੰਤੂ ਗੁਰਦਵਾਰਾ ਭਾਈ ਜੋਗਾ ਸਿੰਘ ਤੇ ਭਾਈ ਬੀਬਾ ਸਿੰਘ ਹੀ ਸੰਗਤ ਲਈ ਖੁਲ੍ਹੇ

Baba Gurpal Singh meets with the leaders of Sikh pilgrims

ਹਸਨ ਅਬਦਾਲ : ਸਿੱਖ ਗਲੋਬਲ ਕਮਿਊਨਟੀ ਦੇ ਮੈਂਬਰ ਅਤੇ ਪੇਸ਼ਾਵਰ ਦੇ ਸਿੱਖ ਆਗੂ ਬਾਬਾ ਗੁਰਪਾਲ ਸਿੰਘ ਨੇ ਅੱਜ ਸਿੱਖ ਯਾਤਰੀ ਜਥੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਅੱਜ ਪੇਸ਼ਾਵਰ ਤੋਂ ਪੰਜਾ ਸਾਹਿਬ ਪੁਜੇ ਬਾਬਾ ਗੁਰਪਾਲ ਸਿੰਘ ਨੇ ਦਸਿਆ ਕਿ  ਪੇਸ਼ਾਵਰ ਵਿਚ ਅਨੇਕਾਂ ਇਤਿਹਾਸਕ ਗੁਰਦਵਾਰੇ ਹਨ ਜਿਨ੍ਹਾਂ ਵਿਚੋਂ ਸਿਰਫ਼ ਗੁਰਦਵਾਰਾ ਭਾਈ ਜੋਗਾ ਸਿੰਘ ਅਤੇ ਗੁਰਦਵਾਰਾ ਭਾਈ ਬੀਬਾ ਸਿੰਘ ਹੀ ਸੰਗਤ ਲਈ ਖੁਲ੍ਹੇ ਹਨ। ਉਨ੍ਹਾਂ ਜਥੇ ਦੇ ਆਗੂਆਂ ਨੂੰ ਦਸਿਆ ਕਿ ਪੇਸ਼ਾਵਰ ਵਿਚ ਸਿੱਖ ਬੱਚਿਆਂ ਦੀ ਪੜ੍ਹਾਈ ਲਈ 3 ਸਕੂਲ ਚਲ ਰਹੇ ਹਨ ਤੇ ਬੱਚੇ ਬੜੇ ਹੀ ਉਤਸ਼ਾਹ ਨਾਲ ਪੜ੍ਹਾਈ ਕਰਦੇ ਹਨ।

ਉਨ੍ਹਾਂ ਦਸਿਆ ਕਿ ਪਹਿਲਾ ਪੇਸ਼ਾਵਰ ਵਿਚ ਲੜਕੀਆਂ ਦੀ ਪੜ੍ਹਾਈ ਵਲ ਕੋਈ ਖ਼ਾਸ ਧਿਆਨ ਨਹੀਂ ਸੀ ਦਿਤਾ ਜਾਂਦਾ। ਹੁਣ ਪੇਸ਼ਾਵਰੀ ਸਿੱਖਾਂ ਨੇ ਮਹਿਸੂਸ ਕੀਤਾ ਹੈ ਕਿ ਲੜਕੇ ਅਤੇ ਲੜਕੀਆਂ ਲਈ ਪੜ੍ਹਾਈ ਦਾ ਮਹੱਤਵ ਇਕ ਜਿਹਾ ਹੈ। ਸਾਡੀਆਂ ਕੁੱਝ ਲੜਕੀਆਂ ਜਲਦ ਹੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਕੇ ਸਰਕਾਰੀ ਨੌਕਰੀਆਂ ਦੇ ਖੇਤਰ ਵਿਚ ਜਾਣਗੀਆਂ। ਉਨ੍ਹਾਂ ਬੜੇ ਮਾਣ ਨਾਲ ਦਸਿਆ ਕਿ ਸਾਡੇ ਨੌਜਵਾਨ ਬੱਚੇ ਪੜ੍ਹਾਈ ਵਿਚ ਇੰਨੇ ਕਾਬਲ ਹਨ ਕਿ ਨੌਵੀਂ ਤੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਾਡੇ 4 ਬੱਚੇ ਰਾਜਬੀਰ ਸਿੰਘ, ਰਘਬੀਰ ਸਿੰਘ, ਬਚਨ ਸਿੰਘ ਅਤੇ ਮਰਪਾਲ ਸਿੰਘ ਟੋਪਰ ਆਏ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੂੰ ਉਨ੍ਹਾਂ ਟੋਪਰ ਬੱਚਿਆਂ ਦੀ ਜਦ ਤਸਵੀਰ ਦਿਖਾਈ ਤਾਂ ਸਜੀਆਂ ਸੁੰਦਰ ਦਸਤਾਰਾਂ ਦੇਖ ਕੇ ਉਨ੍ਹਾਂ ਦਸਤਾਰ ਸਜਾਉਣ ਬਾਰੇ ਪੁਛਿਆ ਤਾਂ ਬਾਬਾ ਗੁਰਪਾਲ ਸਿੰਘ ਨੇ ਦਸਿਆ ਕਿ ਬੱਚੇ ਇਹ ਦਸਤਾਰਾਂ ਸੋਸ਼ਲ ਸਾਈਟ ਯੂ ਟਿਊਬ ਤੋਂ ਸਿੱਖਦੇ ਹਨ। 

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ ਅਤੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਅਸੀਂ ਜਲਦ ਹੀ ਇਨ੍ਹਾਂ ਬੱਚੇ ਬੱਚੀਆਂ ਦਾ ਸਨਮਾਨ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਸਲਾਹ ਕਰ ਕੇ ਪੜ੍ਹਾਈ ਵਿਚ ਅੱਵਲ ਆਉਣ ਵਾਲੇ ਬੱਚਿਆਂ ਲਈ ਕੋਈ ਵਿਸ਼ੇਸ਼ ਪ੍ਰੋਗਰਾਮ ਉਲੀਕਣਗੇ। ਇਸ ਮੌਕੇ ਬਾਬਾ ਗੁਰਪਾਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਰਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਡੰਡੀ ਵੀ ਹਾਜ਼ਰ ਸਨ।