ਵਿਦੇਸ਼ੀ ਪੰਜਾਬੀ ਸਪੋਕਸਮੈਨ ਵਲੋਂ ਸੱਚ ਉਨ੍ਹਾਂ ਤਕ ਪਹੁੰਚਾਉਣ ਲਈ ਸਦਾ ਰਿਣੀ ਰਹਿਣਗੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਵਿਚ ਬਰਗਾੜੀ, ਬਹਿਬਲਪੁਰ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਕੀਤੀ ਗਈ ਬੇਅਦਬੀ..........

Sukhi Ghuman Jhundan

ਮਲੇਰਕੋਟਲਾ : ਪੰਜਾਬ ਵਿਚ ਬਰਗਾੜੀ, ਬਹਿਬਲਪੁਰ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਕੀਤੀ ਗਈ ਬੇਅਦਬੀ ਅਤੇ ਇਨ੍ਹਾਂ ਸਥਾਨਾਂ 'ਤੇ ਵਾਪਰੀਆਂ ਹੋਰ ਕਈ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਗਈ ਜਾਂਚ ਬਹੁਤ ਸਵਾਗਤਯੋਗ ਹੈ ਕਿਉਂਕਿ ਉਨ੍ਹਾਂ ਇਸ ਜਾਂਚ ਵਿਚ ਸੱਚ ਨੂੰ ਆਂਚ ਨਹੀਂ ਆਉਣ ਦਿਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ ਅਤੇ ਉਨ੍ਹਾਂ ਵਾਂਗ ਹੀ ਸੱਚ 'ਤੇ ਡਟ ਕੇ ਪਹਿਰਾ ਵੀ ਦਿਤਾ ਹੈ।

ਇਹ ਵਿਚਾਰ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਵਸਦੇ ਉਘੇ ਪੰਜਾਬੀ ਐਨ ਆਰ ਆਈ ਅਤੇ ਟਰਾਂਸਪੋਰਟ ਕਾਰੋਬਾਰੀ ਸੁੱਖੀ ਘੁੰਮਣ ਝੂੰਦਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਸ ਰੀਪੋਰਟ ਦੁਆਰਾ ਇਹ ਸੱਚਾਈ ਪ੍ਰਗਟ ਹੋ ਗਈ ਹੈ ਕਿ ਰਾਜਨੀਤਕ ਪਾਰਟੀਆਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਕਿਵੇਂ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡਦੀਆਂ ਹਨ।  ਉਨ੍ਹਾਂ ਕਿਹਾ ਕਿ ਨਾ ਕਿਸੇ ਅਕਾਲੀ ਐਮ ਐਲ ਏ ਨੇ ਅਤੇ ਨਾ ਹੀ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਸ ਰੀਪੋਰਟ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਹੈ

ਬਲਕਿ ਇਸ ਰੀਪੋਰਟ ਦਾ ਵਿਰੋਧ ਕਰ ਕੇ ਅਕਾਲੀ ਦਲ ਦੇ ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬਾਦਲ ਪ੍ਰਵਾਰ ਦੀ ਕਠਪੁਤਲੀ ਹੋਣ ਦਾ ਸਬੂਤ ਦਿਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਫੂਕੇ ਜਾ ਰਹੇ ਪੁਤਲੇ ਇਸ ਗੱਲ ਦਾ ਸਬੂਤ ਹਨ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਜ਼ਿਆਦਾ ਬਾਦਲ ਪਰਵਾਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਸਿੱਖ ਪੰਥ ਲਈ ਜੋ ਕੰਮ ਸਪੋਕਸਮੈਨ ਅਖ਼ਬਾਰ ਨੇ ਕੀਤਾ ਹੈ ਇਸ ਦਾ ਰਿਣੀ ਪੂਰਾ ਐਨ.ਆਰ.ਆਈ ਜਗਤ ਸਾਰੀ ਜ਼ਿੰਦਗੀ ਰਹੇਗਾ ਕਿਉਂਕਿ ਇਸ ਮਸਲੇ 'ਤੇ ਭਾਰਤੀ ਮੀਡੀਆ ਵੀ ਅੱਖਾਂ ਮੀਟੀ ਬੈਠਾ ਹੈ।

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਨਿਰਪੱਖ ਜਾਂਚ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸੂਬੇ ਦੀ ਕਿਸੇ ਵੀ ਰਾਜਨੀਤਕ ਪਾਰਟੀ ਨੇ ਕਿੰਤੂ-ਪਰੰਤੂ ਨਹੀਂ ਕੀਤਾ ਬਲਕਿ ਪ੍ਰਸ਼ੰਸਾ ਹੀ ਕੀਤੀ ਹੈ ਕਿ ਇਸ ਜਾਂਚ ਵਿਚ ਹਰ ਗੱਲ ਨੂੰ ਬਾਰੀਕੀ ਨਾਲ ਬਿਆਨ ਕੀਤਾ ਹੈ ਅਤੇ ਇਸ ਵਿਚ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਰਾਹੀਂ ਇਸ ਸਮੁੱਚੇ ਕਾਂਡ ਵਿਚ ਸ਼ਾਮਲ ਦੋਸ਼ੀਆਂ ਦੀ ਪ੍ਰਤੱਖ ਨਿਸ਼ਾਨਦੇਹੀ ਕਰ ਲਈ ਗਈ ਹੈ ਅਤੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।