ਪਾਕਿ ਸਿੱਖ ਲੜਕੀ ਦੇ ਮਸਲੇ ਨੂੰ ਪਿਆਰ ਨਾਲ ਸੁਲਝਾ ਲਿਆ ਗਿਆ : ਪੰਜਾਬ ਗਵਰਨਰ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਗਜੀਤ ਕੌਰ ਦੇ ਪਰਵਾਰ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਅਗ਼ਵਾ ਕਰ ਲਿਆ ਗਿਆ ਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ।

Sikh girl issue resolved, says Pakistan Punjab governor

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਸਿੱਖ ਲੜਕੀ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਨ ਤੇ ਫਿਰ ਉਸ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਵਾਉਣ ਦਾ ਮਸਲਾ ਦੋਵਾਂ ਪਰਵਾਰਾਂ ਨੇ ਮਿਲ ਕੇ ਸੁਲਝਾ ਲਿਆ ਹੈ। ਇਹ ਦਾਅਵਾ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕੀਤਾ ਹੈ।

ਚਰਚਿਤ ਹੋਈ ਵੀਡੀਉ ਵਿਚ ਲੜਕੀ, ਜਗਜੀਤ ਕੌਰ ਦੇ ਪਰਵਾਰ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਅਗ਼ਵਾ ਕਰ ਲਿਆ ਗਿਆ ਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਲੜਕੀ ਦੇ ਪਰਵਾਰ ਦਾ ਕਹਿਣਾ ਹੈ ਕਿ ਉਸ ਦੀ ਉਮਰ 18 ਸਾਲ ਹੈ। ਇਸ ਮਾਮਲੇ ਵਿਚ ਛੇ ਵਿਅਕਤੀਆਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਸੀ ਤੇ ਸ਼ੱਕੀ ਮੁਹੰਮਦ ਹਸਨ ਜਿਸ ਨੇ ਸਿੱਖ ਲੜਕੀ ਨਾਲ ਵਿਆਹ ਕਰਵਾ ਲਿਆ ਸੀ, ਦੇ ਦੋਸਤ ਅਰਸਾਲਾਨ ਨਾਂ ਦੇ ਸ਼ੱਕੀ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਲੜਕੀ, ਜੋ ਕਿ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਇਕ ਸਿੱਖ ਗ੍ਰੰਥੀ ਦੀ ਧੀ ਹੈ, ਨੇ ਕਿਹਾ ਹੈ ਕਿ ਉਸ ਨੇ ਅਪਣੇ ਇਲਾਕੇ ਦੇ ਹਸਨ ਨਾਲ ਅਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ।

ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਦਾਰੂਲ ਅਮਨ ਭੇਜ ਦਿਤਾ ਗਿਆ। ਲੜਕੀ ਨੇ ਸਨਿਚਰਵਾਰ ਨੂੰ ਸਰਵਰ ਦੀ ਅਪਣੇ ਪਰਵਾਰ ਕੋਲ ਜਾਣ ਦੀ ਅਪੀਲ ਨੂੰ ਇਹ ਕਹਿੰਦਿਆਂ ਰੱਦ ਕਰ ਦਿਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਸਰਵਰ ਨੇ ਮੰਗਲਵਾਰ ਨੂੰ ਜਗਜੀਤ ਕੌਰ ਅਤੇ ਹਸਨ ਦੇ ਪਿਤਾਵਾਂ ਨਾਲ ਇਕ ਵੀਡੀਉ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਦੋਵੇਂ ਪਰਵਾਰਾਂ ਦੀ ਸਹਿਮਤੀ ਨਾਲ ਮੁੱਦਾ ਨੂੰ ਸੁਲਝਾ ਲਿਆ ਗਿਆ ਹੈ।