ਗੁਰੂ ਦਾ ਲੰਗਰ ਸਨਾਤਨ ਯੋਜਨਾ ਨਹੀਂ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ  ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਦਾ ਲੰਗਰ ਕੋਈ ਸਨਾਤਨ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ....

Paramjit Singh Sarna

ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ  ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਦਾ ਲੰਗਰ ਕੋਈ ਸਨਾਤਨ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਸਣੇ ਬਾਦਲ ਦਲ ਨੂੰ ਸਾਂਝੇ ਰੂਪ ਵਿਚ ਗੁਰੂ ਦੇ ਲੰਗਰ ਦੀ ਪਰੰਪਰਾ ਨੂੰ ਖ਼ਤਮ ਕਰਨ ਦੀ ਸਾਜ਼ਸ਼ ਤੇ ਆਰ.ਐਸ.ਐਸ. ਦੇ ਗੁਪਤ ਏਜੰਡੇ ਤਹਿਤ ਪੱਖਪਾਤ ਦੀ ਵਿਚਾਰਧਾਰਾ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਸਿਧਾਂਤਾਂ ਨਾਲ ਛੇੜਛਾੜ ਕਰਨ ਦੀ ਸਾਜ਼ਸ਼ ਕਰਾਰ ਦਿਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ, ਬਾਦਲ ਦੀ ਕੇਂਦਰੀ ਲੀਡਰਸ਼ਿਪ ਅਤੇ ਦਿੱਲੀ ਦੇ ਲੀਡਰਾਂ ਨੇ ਵੱਡੇ ਪੱਧਰ 'ਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਭਾਜਪਾ ਸਰਕਾਰ ਨੇ ਲੰਗਰ ਤੇ ਜੀ.ਐਸ.ਟੀ. ਖ਼ਤਮ ਕਰ ਦਿਤੀ ਹੈ ਪਰ ਬਾਅਦ ਵਿਚ ਪੋਲ ਖੁੱਲ੍ਹ ਗਈ ਕਿ ਗੁਰੂ ਦੇ ਲੰਗਰ 'ਤੇ ਕੋਈ ਜੀ.ਐਸ.ਟੀ. ਖ਼ਤਮ ਨਹੀਂ ਹੋਈ। ਬਲਕਿ ਇਹ ਅਖੌਤੀ ਛੂਟ ਸਭਿਆਚਾਰਕ ਮੰਤਰਾਲੇ ਦੀ ਸੇਵਾ ਭੋਜ ਸਕੀਮ ਦੇ ਤਹਿਤ ਜੀ.ਐਸ.ਟੀ. ਰਿਫੰਡ ਕਰਨ ਦੀ ਨਵੀਂ ਸਕੀਮ ਲਾਗੂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਅਤੇ ਬਾਦਲ ਦਲ ਨੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਹੈ। ਸਰਨਾ ਨੇ ਸੰਘ ਤੇ ਬਾਦਲ ਪਰਵਾਰ ਨੂੰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਬਿਨਾਂ ਜਾਤ-ਪਾਤ ਅਤੇ ਭੇਧਭਾਵ ਦੇ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਆਰੰਭ ਕੀਤੀ ਪਰੰਪਰਾ ਕੋਈ ਸਰਕਾਰੀ ਯੋਜਨਾ ਨਹੀਂ ਸੀ, ਬਲਕਿ ਸਦੀਆਂ ਤੋਂ ਚਲੇ ਆ ਰਹੇ ਜਾਤ-ਪਾਤ ਤੇ ਵਾਰਨ-ਵੰਡ ਆਧਾਰਤ ਬ੍ਰਾਹਮਣ ਦੀ ਸੋਚ ਤੇ ਕਰਾਰੀ ਸੱਟ ਮਾਰੀ ਸੀ।