ਦਿੱਲੀ ਗੁਰਦਵਾਰਾ ਕਾਰਜਕਾਰਨੀ ਚੋਣ 'ਤੇ ਰੋਕ ਲਾਉਣ ਲਈ ਅਦਾਲਤ ਵਿਚ ਦਰਖ਼ਾਸਤ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਅੱਜ ਗੁਰਦਵਾਰਾ ਚੋਣ ਡਾਇਰੈਕਟੋਰੇਟ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਕੇ...

DSGMC

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਅੱਜ ਗੁਰਦਵਾਰਾ ਚੋਣ ਡਾਇਰੈਕਟੋਰੇਟ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਕੇ, 8 ਮਾਰਚ ਨੂੰ ਆਪਣਾ ਜਵਾਬ ਦਾਖ਼ਲ ਕਰਨ ਦੀ ਹਦਾਇਤ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ ਨੇ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਕੇ, ਕਮੇਟੀ ਦੀ 9  ਮਾਰਚ ਨੂੰ ਹੋਣ ਵਾਲੀ ਕਾਰਜਕਾਰਨੀ ਚੋਣ 'ਤੇ ਅੰਤਰਮ ਰੋਕ ਲਾਉਣ ਦੀ ਮੰਗ ਕੀਤੀ ਹੈ।

ਅੱਜ ਵਧੀਕ ਜ਼ਿਲ੍ਹਾ ਜੱਜ ਬਰਖ਼ਾ ਗੁਪਤਾ ਦੀ ਅਦਾਲਤ ਵਿਚ ਚਾਵਲਾ ਦੇ ਵਕੀਲਾਂ ਕੁਲਵਿੰਦਰ ਸਿੰਘ ਮੱਟੂ ਤੇ ਵੀ.ਐਲਨ ਚੇਜ਼ੀਅਨ ਨੇ ਦਲੀਲ ਦਿਤੀ ਕਿ ਦਿੱਲੀ ਗੁਰਦਵਾਰਾ ਐਕਟ 1971 ਮੁਤਾਬਕ ਕਾਰਜਕਾਰਨੀ ਦੀ ਮਿਥੀ ਮਿਆਦ 29 ਮਾਰਚ ਤੋਂ ਪਹਿਲਾਂ ਚੋਣ ਕਰਵਾਉਣ ਦਾ ਬੰਦੋਬਸਤ ਨਹੀਂ ਹੈ। ਗੁਰਦਵਾਰਾ ਡਾਇਰੈਕਟੋਰੇਟ ਵਲੋਂ 1 ਮਾਰਚ ਨੂੰ ਨੋਟਿਸ ਜਾਰੀ ਕਰ ਕੇ, 9 ਮਾਰਚ ਨੂੰ ਚੋਣ ਕਰਵਾਉਣ ਬਾਰੇ ਦਸਿਆ ਗਿਆ ਹੈ ਪਰ ਕੀ ਇਹ ਚੋਣ 29 ਮਾਰਚ ਤਕ ਭਾਵ 20 ਦਿਨ ਦੀ ਮਿਆਦ ਲਈ ਹੋਵੇਗੀ ਜਾਂ 2 ਸਾਲ ਵਾਸਤੇ ਹੋਵੇਗੀ, ਇਸ ਬਾਰੇ ਡਾਇਰੈਕਟੋਰੇਟ ਨੇ ਸਪਸ਼ਟ ਨਹੀਂ ਕੀਤਾ। ਦਿੱਲੀ ਗੁਰਦਵਾਰਾ ਐਕਟ 1971 ਮੁਤਾਬਕ ਮਿਥੀ ਮਿਆਦ ਤੋਂ ਪਹਿਲਾਂ ਚੋਣ ਕਰਵਾਉਣ ਦਾ ਕੋਈ ਬੰਦੋਬਸਤ ਨਹੀਂ।

ਡਾਇਰੈਕਟੋਰੇਟ ਵਲੋਂ ਗੁਰਦਵਾਰਾ ਨਿਯਮਾਂ ਦੇ ਉਲਟ ਨੋਟਿਸ ਜਾਰੀ ਕੀਤਾ ਗਿਆ ਹੈ, ਜੋਕਿ ਘੱਟੋ-ਘੱਟ 15 ਦਿਨ ਪਹਿਲਾਂ ਜਾਰੀ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਨੂੰ ਲੈ ਕੇ, ਕਮੇਟੀ ਦੇ ਹੀ ਇਕ ਹੋਰ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਤੀਸ ਹਜ਼ਾਰੀ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਪਿਛੋਂ ਜਨਵਰੀ ਵਿਚ ਵੀ ਕਾਰਜਕਾਰਨੀ ਦੀ ਚੋਣ 'ਤੇ ਰੋਕ ਲੱਗ ਗਈ ਸੀ, ਪਿਛੋਂ 19 ਜਨਵਰੀ ਨੂੰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਵਿਚ ਹਲਫ਼ਨਾਮਾ ਦੇ ਕੇ, ਗੁਰਦਵਾਰਾ ਐਕਟ ਮੁਤਾਬਕ ਹੀ ਚੋਣ ਕਰਵਾਉਣ ਦਾ ਭਰੋਸਾ ਦਿਤਾ ਸੀ ਪਰ ਹੁਣ ਮੁੜ ਚੋਣ ਲਟਕਦੀ ਸਕਦੀ ਹੈ।