ਕੈਨੇਡਾ ਵਿਚ ਸਾਕਾ ਨੀਲਾ ਤਾਰਾ ਦੀ ਯਾਦ 'ਚ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਨੇਡਾ ਦੀਆਂ ਕੁੱਝ ਗਰਮਖ਼ਿਆਲੀ ਸਿੱਖ ਜਥੇਬੰਦੀਆਂ ਨੇ ਹਿੰਦੁਸਤਾਨ ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ 6 ਜੂਨ 1984 ਨੂੰ ਵਾਪਰੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ...

Operation Blue Star

ਟੋਰਾਂਟੋ,  ਕੈਨੇਡਾ ਦੀਆਂ ਕੁੱਝ ਗਰਮਖ਼ਿਆਲੀ ਸਿੱਖ ਜਥੇਬੰਦੀਆਂ ਨੇ ਹਿੰਦੁਸਤਾਨ ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ 6 ਜੂਨ 1984 ਨੂੰ ਵਾਪਰੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਉਟਾਵਾ ਦੀ ਪਾਰਲੀਮੈਂਟ ਸਾਹਮਣੇ ਜਿਹੜੀ ਰੈਲੀ ਕੀਤੀ ਉਸ ਬਾਰੇ ਭਾਵੇਂ ਸੱਭ ਤੋਂ ਵੱਡੀ ਰੈਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਇਸ ਵਿਚ ਜਿਹੜੀ ਸੱਭ ਤੋਂ ਦਿਲਚਸਪ ਗੱਲ ਹੋਈ, ਉਹ ਇਹ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਟਿਪਣੀ ਨਹੀਂ ਕੀਤੀ।

ਹਾਲਾਂਕਿ ਪਿਛਲੇ ਵਰ੍ਹੇ ਇਸ ਮੌਕੇ ਉਨ੍ਹਾਂ ਬੜੇ ਜ਼ੋਰਦਾਰ ਸ਼ਬਦਾਂ ਵਿਚ ਭਾਰਤ ਸਰਕਾਰ 'ਤੇ ਇਹ ਦੋਸ਼ ਲਾਇਆ ਸੀ ਕਿ ਉਸ ਨੇ ਇਹ ਭਿਆਨਕ ਕਾਰਨਾਮਾ ਕਰ ਕੇ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸ਼ੀ ਦਾ ਯਤਨ ਕੀਤਾ ਹੈ। ਚੇਤੇ ਰਹੇ ਪਿਛਲੇ ਸਾਲ ਜਗਮੀਤ ਸਿੰਘ ਨੇ ਇਸ ਮੌਕੇ ਇਕ ਬਿਆਨ ਜਾਰੀ ਕਰ ਕੇ 6 ਜੂਨ 1984 ਦੇ ਦਿਨ ਨੂੰ ਇਕ 'ਅਣਕਿਆਸਿਆ ਦਿਨ' ਅਤੇ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਝੀ ਕੋਸ਼ਿਸ਼ ਦਸਿਆ ਸੀ।

ਜਗਮੀਤ ਸਿੰਘ ਉਸ ਵੇਲੇ ਐਨ.ਡੀ.ਪੀ. ਦੇ ਨੇਤਾ ਦਾ ਉਮੀਦਵਾਰ ਸੀ। ਇਸੇ ਦੌਰਾਨ ਜਗਮੀਤ ਸਿੰਘ ਜਦੋਂ ਸਿੱਖ ਹੋਲੈਂਡ ਦੀ ਮੰਗ ਕਰਨ ਵਾਲੀਆਂ ਕੁੱਝ ਖ਼ਾਸ ਘਟਨਾਵਾਂ ਮੌਕੇ ਵੀ ਸ਼ਾਮਲ ਹੋਇਆ ਤਾਂ ਕੈਨੇਡੀਅਨ ਮੀਡੀਆ ਨੇ ਉਸ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਸੀ। ਦਸਿਆ ਜਾਦਾ ਹੈ ਕਿ ਉਸ ਤੋਂ ਬਾਅਦ ਜਗਮੀਤ ਸਿੰਘ ਦੇ ਵਤੀਰੇ ਵਿਚ ਵੱਡੀ ਤਬਦੀਲੀ ਨਜ਼ਰ ਆਉਣ ਲੱਗੀ ਹੈ।

ਇਸ ਦਾ ਇਕ ਕਾਰਨ ਹੋਰ ਵੀ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ  ਟਰੂਡੋ ਦੇ ਭਾਰਤ ਦੇ ਮੁਸ਼ਕਲਾਂ ਭਰੇ ਦੌਰੇ ਬਾਅਦ ਖ਼ਾਲਿਸਤਾਨੀ ਲਹਿਰ ਦੀ ਪਰਖ ਦਾ ਸਮਾਂ ਸੀ, ਤਾਂ ਵੀ ਪਾਰਲੀਮੈਂਟ ਸਾਹਮਣੇ ਜਿਹੜੀ ਰੈਲੀ ਕੀਤੀ ਗਈ, ਉਸ ਦੇ ਮੁੱਖ ਪ੍ਰਬੰਧਕਾਂ ਵਿਚ ਸੁਖਮਿੰਦਰ ਸਿੰਘ ਹੰਸਰਾ ਸੀ ਜੋ ਸ਼੍ਰੋਮਣੀ ਅਕਾਲੀ ਦਲ ਕੈਨੇਡਾ (ਪੂਰਬੀ) ਦੇ ਪ੍ਰਧਾਨ ਹਨ। 

ਇਸ ਮੌਕੇ ਮੁੱਖ ਮਹਿਮਾਨ ਵਜੋਂ ਬੀਬੀ ਪ੍ਰੀਤਮ ਕੌਰ ਹਾਜ਼ਰ ਸਨ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੀ.ਏ. ਰਛਪਾਲ ਸਿੰਘ ਦੀ ਵਿਧਵਾ ਪਤਨੀ ਹਨ। ਇਸ ਮੌਕੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਝੰਡੇ ਲਹਿਰਾ ਰਹੇ ਸਨ। (ਏਜੰਸੀ)