ਬੇਅਦਬੀ ਮਾਮਲੇ 'ਚ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗ੍ਰਿਫਤਾਰ ਕੀਤੇ ਡੇਰਾ ਪ੍ਰੇਮੀ ਜਿੰਮੀ ਅਰੋੜਾ ਦੀ ਐਸ.ਐਸ.ਪੀ ਵਲੋਂ ਪੁਸ਼ਟੀ

Sauda Dera

ਭਗਤਾ ਭਾਈ ਕਾ : ਇਲਾਕੇ ਅੰਦਰ ਗੁਰੂ ਗ੍ਰੰਥ ਸਾਹਿਬ ਦੀਆਂ ਪਿਛਲੇ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵਿਚੋਂ ਪਿੰਡ ਗੁਰੂਸਰ ਜਲਾਲ ਕਾ ਵਿਖੇ ਵਾਪਰੀ ਘਟਨਾ ਦੇ ਸਬੰਧ ਵਿਚ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਐਸ.ਆਈ.ਟੀ ਵਲੋਂ ਡੇਰੇ ਦੀ 45 ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਜਤਿੰਦਰਬੀਰ ਉਰਫ ਜਿੰਮੀ ਅਰੋੜਾ ਵਾਸੀ ਭਗਤਾ ਭਾਈ ਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਸ਼ਹਿਰ ਵਿਚੋਂ ਪੰਜ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ।

ਪਰ ਮਾਮਲੇ ਵਿਚ ਐਸ.ਐਸ.ਪੀ ਬਠਿੰਡਾ ਡਾ. ਨਾਨਕ ਸਿੰਘ ਨੇ ਸ਼ਹਿਰ ਦੇ ਸਿਰਫ ਇਕ ਡੇਰਾ ਪ੍ਰੇਮੀ ਜਤਿੰਦਰਬੀਰ ਅਰੋੜਾ ਦੀ ਗ੍ਰਿਫਤਾਰੀ ਸਬੰਧੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਜਤਿੰਦਰਬੀਰ ਅਰੋੜਾ ਉਰਫ ਜਿੰਮੀ ਅਰੋੜਾ ਡੇਰੇ ਦੀ 45 ਮੈਂਬਰੀ ਕਮੇਟੀ ਦਾ ਸਰਗਰਮ ਆਗੂ ਸੀ, ਜਿਸਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਸੇ ਵਿਆਹ ਸਬੰਧੀ ਉਹ ਮਲੇਸ਼ੀਆ ਟੂਰ' ਤੇ ਗਿਆ ਸੀ, ਜਿਸਨੂੰ ਭਾਰਤ ਵਾਪਸ ਪਰਤਦੇ ਸਾਰ ਹੀ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਗਿਆ।

ਜਿੰਮੀ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਉਕਤ ਨੂੰ ਛੁਡਵਾਉਣ ਲਈ ਡੇਰਾ ਪ੍ਰੇਮੀਆਂ ਵਲੋਂ ਭੱਜ ਦੌੜ ਕੀਤੀ ਜਾ ਰਹੀ ਹੈ, ਉਥੇ ਹੀ ਪ੍ਰੇਮੀਆਂ ਵਿਚਕਾਰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਸਹਿਮ ਦਾ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਸ਼ਹਿਰ ਵਾਸੀਆਂ ਦੀ ਕੀਤੀ ਜਾਵੇ ਤਾਂ ਉਕਤ ਜਿੰਮੀ ਅਰੋੜਾ ਦੇ ਪਿਛੋਕੜ ਤੇ ਹੁਣ ਮੌਜੂਦਾ ਜ਼ਿੰਦਗੀ ਸਬੰਧੀ ਕਾਫੀ ਚਰਚਾਵਾਂ ਜ਼ੋਰਾਂ 'ਤੇ ਹਨ ਕਿਉਂਕਿ ਸਾਇਕਲ ਮੁਰੰਮਤ ਅਤੇ ਪੀ.ਸੀ.ਓ ਚਲਾਉਣ ਵਾਲਾ ਐਨੀ ਛੇਤੀ ਅਮੀਰ ਕਿਵੇਂ ਹੋ ਗਿਆ। ਇਹ ਸਭ ਕੁਝ ਅਜੋਕੇ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇੱਥੇ ਹੀ ਬੱਸ ਨਹੀਂ, ਐਸ.ਆਈ.ਟੀ ਦੀ ਫੇਰੀ ਅਤੇ ਜਿੰਮੀ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹਿਰ ਨਾਲ ਸਬੰਧਿਤ ਸਿਰਫ ਡੇਰਾ ਪ੍ਰੇਮੀਆਂ 'ਚ ਹੀ ਨਹੀਂ ਸਗੋਂ ਡੇਰੇ ਨਾਲ ਜੁੜੀਆਂ ਵਿੰਗ ਦੀਆਂ ਮਹਿਲਾ ਆਗੂਆਂ 'ਚ ਵੀ ਖਲਬਲੀ ਵੇਖਣ ਨੂੰ ਮਿਲ ਰਹੀ ਹੈ ਜਦਕਿ 25 ਅਗਸਤ ਨੂੰ ਪੰਚਕੂਲਾ ਦਸਤਕ ਦੇਣ ਵਾਲੇ ਪ੍ਰੇਮੀ ਵੀ ਪ੍ਰਸ਼ਾਸਨ ਕੋਲੋਂ ਅੱਖ ਬਚਾਉਂਦੇ ਨਜ਼ਰ ਆ ਰਹੇ ਹਨ।