ਸੌਦਾ ਡੇਰੇ ਨੂੰ 'ਬੇਨਾਮੀ ਲੈਣ-ਦੇਣ' ਵਜੋਂ 293 ਏਕੜ ਜ਼ਮੀਨ ਦਾਨ 'ਚ ਮਿਲੀ ਹੋਣ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਧਵੀਆਂ ਦੇ ਜਿਨਸੀ ਸੋਸ਼ਣ ਵਿਚ ਸੌਦਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿਤੇ ਜਾਣ ਨੂੰ ਭਾਵੇਂ ਇਸੇ ਮਹੀਨੇ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ..............

Sauda Dera

ਚੰਡੀਗੜ੍ਹ : ਸਾਧਵੀਆਂ ਦੇ ਜਿਨਸੀ ਸੋਸ਼ਣ ਵਿਚ ਸੌਦਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿਤੇ ਜਾਣ ਨੂੰ ਭਾਵੇਂ ਇਸੇ ਮਹੀਨੇ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ ਪਰ ਡੇਰੇ ਨਾਲ ਸਬੰਧਤ ਵੱਡੇ ਪ੍ਰਗਟਾਵੇ ਅਤੇ ਕਈ ਬੁਝਾਰਤਾਂ ਹਾਲੇ ਵੀ ਜਾਰੀ ਹਨ। ਇਸ ਬਾਬਤ ਹਾਈਕੋਰਟ ਚ ਐਡਵੋਕੇਟ ਰਵਿੰਦਰ ਸਿੰਘ ਢੁੱਲ ਦੀ ਵਿਚਾਰਧੀਨ ਜਨਹਿਤ ਪਟੀਸ਼ਨ ਉਤੇ ਅੱਜ ਫੁੱਲ ਬੈਂਚ (ਜਸਟਿਸ ਸੁਰਿਆ ਕਾਂਤ, ਜਸਟਿਸ ਅਗਸਟਾਈਨ ਜਾਰਜ ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਣ ਉਤੇ ਅਧਾਰਤ) ਕੋਲ ਸੁਣਵਾਈ ਹੋਈ ਜਿਸ ਦੌਰਾਨ ਪੰਚਕੁਲਾ ਪੁਲਿਸ ਕਮਿਸ਼ਨਰ ਵਲੋਂ ਹਲਫਨਾਮਾ ਦਾਇਰ ਕੀਤਾ ਗਿਆ।

ਖੁਲਾਸਾ ਹੋਇਆ ਹੈ ਕਿ ਡੇਰੇ ਨੂੰ 293 ਏਕੜ ਜ਼ਮੀਨ 'ਬੇਨਾਮੀ ਲੈਣ ਦੇਣ' (ਮਾਲ ਰਿਕਾਰਡ ਚ 'ਬੇਨਾਮੀ ਟ੍ਰਾਂਜੈਕਸ਼ਨ' ਵਜੋਂ ਦਰਜ ਇੰਦਰਾਜ) ਵਜੋਂ ਦਾਨ ਵਿਚ ਦਿਤੀ ਗਈ ਸੀ ਅਤੇ ਕਿਸਾਨਾਂ ਨੇ ਇਸ ਜ਼ਮੀਨ ਦੇ ਮੁਖਤਿਆਰਨਾਮੇ (ਪਾਵਰ ਆਫ ਅਟਾਰਨੀਜ) ਡੇਰੇ ਦੇ ਮੋਹਰੀ ਤਿੰਨ ਜਣਿਆਂ ਨੂੰ ਹੀ ਕੀਤੇ ਸਨ। ਇਹ ਖ਼ੁਲਸਾ ਐਨ ਉਸ ਵੇਲੇ ਹੋਇਆ ਹੈ ਜਦੋਂ ਡੇਰਾ ਮੁਖੀ ਵਿਰੁਧ ਮਰਦ ਸਾਧੂਆਂ ਨੂੰ ਜਬਰੀ ਨਪੁੰਸਕ ਬਣਾਉਣ ਦੇ ਮਾਮਲੇ 'ਚ ਦੋਸ਼ ਤੈਅ ਹੋ ਚੁਕੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੇਰੇ ਲਈ ਜ਼ਮੀਨਾਂ ਇਨਾਂ ਨਪੁੰਸਕ ਬਣਾਏ ਸਾਧੂਆਂ ਦੇ ਨਾਮ ਉਤੇ ਖਰੀਦ ਕੇ ਡੇਰੇ ਨੂੰ ਦਾਨ ਕਰਵਾਈਆਂ ਜਾਂਦੀਆਂ ਰਹੀਆਂ ਹਨ

ਤਾਂ ਜੋ ਨਪੁੰਸਕ ਹੋ ਚੁਕੇ ਹੋਣ ਵਜੋਂ ਇਹਨਾਂ ਦਾ ਵੰਸ਼ ਅਗੇ ਨਾ ਵੱਧ ਸਕੇ ਤੇ ਕੋਈ ਕਾਨੂੰਨੀ ਵਾਰਸ ਨਾ ਪੈਦਾ ਹੋ ਸਕੇ।  ਬੈਂਚ ਵਲੋਂ ਇਸ ਪੱਖੋਂ ਅੱਜ ਕੋਈ ਟਿਪਣੀ ਨਹੀਂ ਕੀਤੀ ਗਈ ਹੈ। ਨਾਲ ਹੀ ਇਹ ਖੁਲਾਸਾ ਵੀ ਹੋਇਆ ਹੈ ਕਿ ਪੰਚਕੂਲਾ ਹਿੰਸਾ ਮਗਰੋਂ ਡੇਰਾ ਹੈਡਕੁਆਰਟਰ ਚੋਂ 25 ਜਣੇ ਗਾਇਬ ਹੋਏ ਸਨ ਜਿਨਾਂ ਚੋਂ 8 ਜਣੇ ਮਿਲ ਚੁਕੇ ਹਨ ਜਦਕਿ ਬਾਕੀ 17 ਦੀ ਹਾਲੇ ਵੀ ਕੋਈ ਉੱਘ ਸੁੱਘ ਨਹੀਂ ਹੈ। ਦਸਿਆ ਗਿਆ ਹੈ ਕਿ ਡੇਰੇ ਚੋਂ ਬਰਾਮਦ ਕੰਪਿਊਟਰ ਹਾਰਡ ਡਿਕਸਾਂ ਅਤੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ 'ਨੁਕਸਾਨੇ' ਹੋਏ ਹੋਣ ਵਜੋਂ ਉਹਨਾਂ ਵਿਚੋਂ ਵੀ ਪੁਲਿਸ ਨੂੰ ਕੋਈ ਡਾਟਾ ਹੱਥ ਪਲੇ ਨਹੀਂ ਲੱਗਾ।

ਇਸ ਬਾਰੇ ਲਾਪਤਾ ਲੋਕਾਂ ਦੇ ਸਕੈਚ ਅਤੇ ਪੋਸਟਰ ਬਣਵਾਏ ਗਏ ਹਨ ਜਿਨਾਂ ਨੂੰ ਵੱਖ ਵੱਖ ਥਾਵਾਂ 'ਤੇ ਲਾਇਆ ਜਾ ਰਿਹਾ ਹੈ। ਹਰਿਆਣਾ ਪੁਲਿਸ ਨੇ ਇਹ ਵੀ ਦਸਿਆ ਕਿ ਇਸ ਸਬੰਧ ਵਿਚ 240 ਕੇਸ ਦਰਜ ਕੀਤੇ ਗਏ ਸਨ. ਵਿਸ਼ੇਸ ਜਾਂਚ ਟੀਮ ਵਲੋਂ ਜਾਂਚ ਡੈਰਾਂ 1483 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਰੀਬ ਇਕ ਦਰਜਨ ਡੇਰਾ ਪ੍ਰਬੰਧਕਾਂ ਅਤੇ ਹਮਾਇਤੀਆਂ ਨੂੰ ਭਗੌੜੇ ਐਲਾਨਿਆ ਜਾ ਚੁੱਕਾ ਹੈ। ਇਨਾਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਕਾਰਵਾਈ ਵੀ ਅਰੰਭੀ ਜਾ ਚੁੱਕੀ ਹੈ।

Related Stories