ਸਿੱਖ ਸਿਪਾਹੀ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ, ਪੁਲਿਸ ਨੂੰ ਸ਼ਰਾਰਤੀ ਅਨਸਰਾਂ ਦੀ ਭਾਲ
ਸਿੱਖ ਸਿਪਾਹੀ ਦੇ ਬੁੱਤ ਨੂੰ ਖ਼ਰਾਬ ਕਰਨ ਵਾਲਿਆਂ ਦੀ ਪੁਲਿਸ ਜ਼ੋਰ-ਸ਼ੋਰ ਨਾਲ ਭਾਲ ਕਰ ਰਹੀ ਹੈ........
ਲੰਡਨ : ਸਿੱਖ ਸਿਪਾਹੀ ਦੇ ਬੁੱਤ ਨੂੰ ਖ਼ਰਾਬ ਕਰਨ ਵਾਲਿਆਂ ਦੀ ਪੁਲਿਸ ਜ਼ੋਰ-ਸ਼ੋਰ ਨਾਲ ਭਾਲ ਕਰ ਰਹੀ ਹੈ। ਪਿਛਲੇ ਹਫ਼ਤੇ ਇਥੇ ਭਾਰਤੀ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਵਿਚ ਸਿੱਖ ਸਿਪਾਹੀ ਦਾ ਬੁੱਤ ਲਾਇਆ ਗਿਆ ਹੈ। 10 ਫ਼ੁਟ ਉਚਾ ਬੁੱਤ ਪਹਿਲੀ ਸੰਸਾਰ ਜੰਗ ਵਿਚ ਦਖਣੀ ਏਸ਼ੀਆਈ ਫ਼ੌਜੀਆਂ ਦੇ ਯੋਗਦਾਨ ਦਾ ਪ੍ਰਤੀਕ ਹੈ। ਪਿਛਲੇ ਐਤਵਾਰ ਬੁੱਤ ਉਪਰੋਂ ਪਰਦਾ ਹਟਾਇਆ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਸ਼ੁਕਰਵਾਰ ਨੂੰ ਤੜਕੇ ਬੁੱਤ ਨੂੰ ਨੁਕਸਾਨ ਪਹੁੰਚਾਇਆ।
ਪੁਲਿਸ ਅਧਿਕਾਰੀ ਬਿੱਲ ਗਿੱਲ ਨੇ ਕਿਹਾ, 'ਅਸੀਂ ਸਮਝਦੇ ਹਾਂ ਕਿ ਇਸ ਹਮਲੇ ਤੋਂ ਸਿੱਖ ਕਾਫ਼ੀ ਚਿੰਤਿਤ ਹਨ ਅਤੇ ਅਸੀਂ ਬੁੱਤ ਖ਼ਰਾਬ ਕਰਨ ਵਾਲਿਆਂ ਦੀ ਭਾਲ ਰਹੇ ਹਾਂ।' ਉਨ੍ਹਾਂ ਕਿਹਾ ਕਿ ਮੌਕੇ ਦੀ ਸੀਸੀਟੀਵੀ ਫ਼ੁਟੇਜ ਵੇਖੀ ਜਾ ਰਹੀ ਹੈ ਅਤੇ ਅਫ਼ਸਰ ਗੁਰਦਵਾਰਾ ਗੁਰੂ ਨਾਨਕ ਵਿਖੇ ਜਾਣ ਵਾਲੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਨਾਲ ਗੱਲ ਕਰ ਰਹੇ ਹਨ ਤਾਕਿ ਕੋਈ ਸੁਰਾਗ਼ ਮਿਲ ਸਕੇ। ਜ਼ਿਕਰਯੋਗ ਹੈ ਕਿ ਬੁੱਤ ਦੇ ਪੈਰਾਂ 'ਤੇ ਕਿਸੇ ਨੇ ਊਲ-ਜਲੂਲ ਗੱਲਾਂ ਲਿਖੀਆਂ ਹਨ ਅਤੇ ਪਿਛਲੀ ਕੰਧ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਮੋਟੀ ਕਾਲੀ ਲਾਈਨ ਨਾਲ 'ਗਰੇਟ ਵਾਰ' ਲਿਖਿਆ ਗਿਆ।
ਗੁਰਦਵਾਰਾ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦਸਿਆ, 'ਪਿਛਲੀ ਕੰਧ ਦਾ ਨੁਕਸਾਨ ਪਰੇਸ਼ਾਨ ਕਰਨ ਵਾਲੀ ਗੱਲ ਹੈ। ਊਲ-ਜਲੂਲ ਲਿਖਾਵਟ ਤਾਂ ਸਾਫ਼ ਕਰ ਦਿਤੀ ਗਈ ਹੈ।' ਕਾਂਸੀ ਦਾ ਇਹ ਬੁੱਤ ਪਹਿਲੀ ਸੰਸਾਰ ਜੰਗ ਦੇ ਅੰਤ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿਚ ਲਾਇਆ ਗਿਆ ਹੈ। ਸਮੇਥਵਿਕ ਦੀ ਗੁਰਦਵਾਰਾ ਕਮੇਟੀ ਨੇ ਇਸ ਬੁੱਤ ਲਈ 20 ਹਜ਼ਾਰ ਪੌਂਡ ਦਾਨ ਵਜੋਂ ਦਿਤੇ ਹਨ। ਉਦਘਾਟਨੀ ਸਮਾਗਮ ਵਿਚ ਲੇਬਰ ਪਾਰਟੀ ਦੀ ਐਮਪੀ ਪ੍ਰੀਤ ਕੌਰ ਗਿੱਲ ਜਿਹੜੀ ਯੂਕੇ ਦੀ ਪਹਿਲੀ ਮਹਿਲਾ ਸਿੱਖ ਐਮਪੀ ਹੈ, ਸਮੇਤ ਸੈਂਕੜੇ ਲੋਕ ਸਮਾਗਮ ਵਿਚ ਸ਼ਾਮਲ ਹੋਏ ਸਨ। (ਪੀਟੀਆਈ)