ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ
ਸਰੋਵਰ ਦੀ ਕਾਰਸੇਵਾ ਸ਼ੁਰੂ ; ਸਰਕਾਰ ਨੇ ਨਨਕਾਣਾ ਸਾਹਿਬ ਨੂੰ ਹਰਾ ਭਰਾ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ
ਨਨਕਾਣਾ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਬਾਬਾ ਨਾਨਕ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪਵਿੱਤਰ ਸਰੋਵਰ ਦੀ ਕਾਰਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਵਲੋਂ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਅਤੇ ਬਾਬਾ ਗੁਰਮੀਤ ਸਿੰਘ ਤਰਨ ਤਾਰਨ ਵਾਲਿਆਂ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਹੈ। ਇਸ ਮੌਕੇ ਖ਼ੁਦ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਗਤ ਨਾਲ ਮਿਲ ਕੇ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਨਿਭਾਈ।
ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਨੂੰ ਹਰਾ ਭਰਾ ਬਣਾਉਣ ਲਈ ਵੀ ਯੋਗ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਡੀ. ਸੀ. ਰਾਜਾ ਮਨਸੂਰ ਅਹਿਮਦ ਵਲੋਂ ਜ਼ਿਲ੍ਹੇ ਦੇ ਹਰ ਵਿਭਾਗ ਨੂੰ 550 ਪੌਦੇ ਲਗਾਉਣ ਦਾ ਹੁਕਮ ਪਾਸ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ 550 ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਐਸ. ਐਸ. ਪੀ. ਨਨਕਾਣਾ ਸਾਹਿਬ, ਐਸ. ਪੀ., ਤਹਿਸੀਲਦਾਰ, ਮੈਡੀਕਲ ਅਫ਼ਸਰ, ਰੇਲਵੇ ਅਫ਼ਸਰ, ਸਿੱਖ ਸੰਗਤ ਸਮੇਤ ਜ਼ਿਲ੍ਹਾ ਨਨਕਾਣਾ ਸਾਹਿਬ ਜੀ ਦੇ ਸਾਰੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਜ਼ਿਕਰਯੋਗ ਕਿ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨੀ ਪੰਜਾਬ ਵਿਚ ਸਥਿਤ ਹੈ। ਇਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਇਸ ਪਵਿੱਤਰ ਅਸਥਾਨ 'ਤੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਆਉਂਦੀ ਹੈ ਅਤੇ ਇਥੇ ਬਣੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨਾ ਅਪਣਾ ਸੁਭਾਗ ਸਮਝਦੀ ਹੈ। ਨਵੰਬਰ ਮਹੀਨੇ ਇਸ ਪਵਿੱਤਰ ਅਸਥਾਨ 'ਤੇ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਵਿਆਪਕ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ਲਈ ਪਾਕਿਸਤਾਨ ਸਰਕਾਰ ਹੁਣ ਤੋਂ ਹੀ ਜੁਟ ਗਈ ਹੈ।