ਯਾਦਗਾਰ ਸਥਾਪਤ ਕਰਨ ਲਈ ਪੰਜਾਬ ਸਰਕਾਰ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰੇ : ਪ੍ਰੋ. ਬਡੂੰਗਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਮਲਾ ਗੁਰੂ ਤੇਗ਼ ਬਹਾਦਰ ਜੀ ਦਾ ਬਸੀ ਜੇਲ 'ਚ ਕੈਦ ਰਹਿਣ ਦਾ

Bassi Pathana jail

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹੁਣ ਜਦੋਂ ਇਤਿਹਾਸਕ ਤੌਰ 'ਤੇ ਸਾਬਤ ਹੋ ਚੁਕਿਆ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ 4 ਮਹੀਨੇ ਦੇ ਕਰੀਬ ਸਮੇਂ ਦੀ ਜਾਬਰ ਤੇ ਜ਼ਾਲਮ ਮੁਗ਼ਲ ਹਕੂਮਤ ਵਲੋਂ ਦਿੱਲੀ ਜਾਣ ਸਮੇਂ ਗ੍ਰਿਫ਼ਤਾਰ ਕਰ ਕੇ ਬੱਸੀ ਪਠਾਣਾਂ ਦੀ ਜੇਲ ਵਿਚ ਕੈਦ (ਨਜ਼ਰਬੰਦ) ਰੱਖੇ ਗਏ ਸਨ, ਜਿਨ੍ਹਾਂ ਨਾਲ ਉਸ ਸਮੇਂ ਗੁਰੂ ਸਾਹਿਬ ਦੇ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਨ। ਇਸ ਲਈ ਪੰਜਾਬ ਸਰਕਾਰ ਨੂੰ ਇਸ ਸਿੱਖ ਇਤਿਹਾਸ ਨਾਲ ਜੁੜੀ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਤਾਂ ਜੋ ਬੱਸੀ ਪਠਾਣਾਂ ਵਿਖੇ ਗੁਰੂ ਸਾਹਿਬ ਦੀ ਯਾਦ ਵਿਚ ਯੋਗ ਯਾਦਗਾਰ ਸਥਾਪਤ ਕੀਤੀ ਜਾ ਸਕੇ। 

ਪ੍ਰੋ. ਬਡੂੰਗਰ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵਲੋਂ ਇਸ ਸੱਚਾਈ ਨੂੰ ਉਘਾੜਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਤਿਹਾਸਕ ਤੱਥਾਂ ਨੂੰ ਉਭਾਰਿਆ ਹੈ ਤੇ ਇਸ ਨਾਲ ਹੀ ਲੰਮੇਂ ਸਮੇਂ ਤੋਂ ਇਲਾਕੇ ਦੀ ਸੰਗਤ ਵਲੋਂ ਇਹ ਮੰਗ ਉਠਦੀ ਰਹੀ ਹੈ ਕਿ ਇਸ ਸਿੱਖ ਇਤਿਹਾਸ ਨਾਲ ਸਬੰਧ ਰੱਖਣ ਵਾਲੀ ਜੇਲ ਵਿਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਗੁਰਦਵਾਰਾ ਸਾਹਿਬ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਇਸ ਸਚਾਈ ਨੂੰ ਉਘਾੜਨ ਵਾਲੇ ਸ. ਬੀਰਦਵਿੰਦਰ ਸਿੰਘ ਵਲੋਂ ਇਤਿਹਾਸਕ ਤੱਥਾਂ ਦੇ ਵੇਰਵੇ ਤਹਿਤ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਮੰਗ ਕੀਤੀ ਗਈ ਸੀ ਕਿ ਇਸ ਸਥਾਨ ਤੇ ਗੁਰਦਵਾਰਾ ਸਾਹਿਬ ਦਾ ਨਿਰਮਾਣ ਕੀਤਾ ਜਾਵੇ, ਕਿਉਂਕਿ ਇਸ ਜੇਲ ਦਾ ਪੰਜਾਬ ਸਰਕਾਰ ਵਲੋਂ ਨਵੀਨੀਕਰਨ ਕਰ ਕੇ ਜ਼ਿਲ੍ਹਾ ਜੇਲ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ।

ਇਸ ਨਾਲ ਹੀ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਵਲੋਂ ਤਿੰਨ ਸਕਾਲਰਾਂ ਰਾਜਵਿੰਦਰ ਸਿੰਘ, ਬੀਬੀ ਸਿਮਰਨਜੀਤ ਕੌਰ ਅਤੇ ਬੀਬੀ ਗੁਰਮੀਤ ਕੌਰ ਨੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਸਾਂਝੀ ਕੀਤੀ। ਜਦਕਿ ਪੰਜਾਬ ਸਰਕਾਰ ਵੀ ਇਸ ਮਾਮਲੇ 'ਤੇ ਸੁਹਿਰਦ ਹੋ ਚੁੱਕੀ ਹੈ ਕਿਉਂÎਕਿ ਇਸ ਸਬੰਧੀ ਇਕ ਪੱਤਰ ਪੰਜਾਬ ਸਰਕਾਰ ਨੇ ਬੀਰਦਵਿੰਦਰ ਸਿੰਘ ਨੂੰ ਭੇਜਿਆ ਹੈ ਜਿਸ ਤਹਿਤ ਪੰਜਾਬ ਸਰਕਾਰ ਦੇ ਪੁਰਾਤਤਵ ਵਿਭÎਾਗ ਵਲੋਂ ਵੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਰਿਹਾ ਹੈ।