ਬਾਬੇ ਨਾਨਕ ਦੀ ਫੇਰੀ ਵਾਲੇ ਅਸਥਾਨਾਂ ਨੂੰ ਜੋੜਦੇ ਰਸਤਿਆਂ ਦਾ ਨਾਮ ਹੋਵੇਗਾ 'ਗੁਰੂ ਨਾਨਕ ਮਾਰਗ' 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਉੱਚਾ ਦਰ ਬਾਬੇ ਨਾਨਕ ਦਾ' ਤੇ ਰੋਜ਼ਾਨਾ ਸਪੋਕਸਮੈਨ ਦਾ ਪ੍ਰੋਗਰਾਮ ਸਰਕਾਰ ਨੇ ਅਪਣਾਇਆ...

Rozana Spokesman

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਸਮਾਗਮ ਵਜੋਂ ਮਨਾਉਣ ਤਹਿਤ ਪੰਜਾਬ ਸਰਕਾਰ ਨੇ ਸੂਬੇ ਵਿਚ ਸ੍ਰੀ ਗੁਰੂ ਨਾਨਾਕ ਦੇਵ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਜੋੜਦੀਆਂ ਸੜਕਾਂ ਦਾ ਨਾਮ 'ਗੁਰੂ ਨਾਨਕ ਮਾਰਗ' ਰੱਖਣ ਦਾ ਫ਼ੈਸਲਾ ਕੀਤਾ ਹੈ।

ਅੱਜ ਇਥੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਵਾਸਤੇ ਸਥਾਪਤ ਕੀਤੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਥਾਵਾਂ ਦਾ ਸਰਕਾਰ ਵਲੋਂ ਵਿਸ਼ੇਸ਼ ਵਿਕਾਸ ਕਰਨ ਦਾ ਵੀ ਐਲਾਨ ਕੀਤਾ।

ਯਾਦ ਰਹੇ, ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਐਲਾਨ ਸਪੋਕਸਮੈਨ ਵਿਚ ਛਪਦੀ 'ਨਿਜੀ ਡਾਇਰੀ' ਵਿਚ ਪਿਛਲੇ ਹਫ਼ਤੇ ਹੀ ਕੀਤਾ ਗਿਆ ਸੀ ਅਤੇ ਸੰਸਾਰ ਭਰ ਵਿਚ ਇਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਇਸ ਮਹਾਨ ਸਮਾਰੋਹ ਨੂੰ ਮਨਾਉਣ ਲਈ ਜਨਤਕ ਸਹਿਯੋਗ ਹਾਸਲ ਕਰਨ ਵਾਸਤੇ ਵੱਖ-ਵੱਖ ਜਥੇਬੰਦੀਆਂ ਨਾਲ ਤਾਲਮੇਲ ਕਰਨ ਲਈ ਉੱਚ ਪਧਰੀ ਕਮੇਟੀ ਕਾਇਮ ਕੀਤੀ ਹੈ ਜੋ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਦੇ ਵਿਸ਼ੇ ਦੁਆਲੇ ਕੇਂਦਰਤ ਹੋਵੇਗੀ। 

ਕਮੇਟੀ ਨੂੰ ਉਘੇ ਮਾਹਰਾਂ ਅਤੇ ਇਤਿਹਾਸਕਾਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਤਕ ਪਹੁੰਚ ਕਰਨ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ। ਇਹ ਕਮੇਟੀ ਸਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ, ਸਹਿਕਾਰਤਾ ਮੰਤਰੀ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ 'ਤੇ ਆਧਾਰਤ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਉਹ ਛੇਤੀ ਹੀ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਗੁਰੂ ਨਾਨਕ ਦੇਵ ਦੀ ਯਾਤਰਾ ਵਾਲੀਆਂ ਥਾਵਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਅਪੀਲ ਕਰਨਗੇ। ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਕਿ ਉਹ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਨਗੇ ਕਿ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਯਾਦਗਾਰੀ ਸਮਾਰੋਹ ਦੌਰਾਨ ਸਬੰਧਤ ਸੂਬਿਆਂ ਵਿਚ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਜਾਂ ਇਨ੍ਹਾਂ ਸੂਬਿਆਂ ਤੋਂ ਪੰਜਾਬ

ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਕੋਲ ਪਹੁੰਚ ਕਰ ਕੇ ਵੱਖ-ਵੱਖ ਮੁਲਕਾਂ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਮਕ ਅਸਥਾਨਾਂ ਦੀ ਸੰਭਾਲ ਦਾ ਮਾਮਲਾ ਸਬੰਧਤ ਮੁਲਕਾਂ ਦੀ ਅਥਾਰਟੀ ਕੋਲ ਉਠਾਉਣ ਲਈ ਕਹਿਣਗੇ।