ਇਲਾਜ਼ ਲਈ ਦਿੱਲੀ ਪੁੱਜੇ ਅਫ਼ਗ਼ਾਨ ਆਤਮਘਾਤੀ ਹਮਲੇ ਦੇ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਫ਼ਗ਼ਾਨਿਸਤਾਨ ਆਤਮਘਾਤੀ ਹਮਲੇ ਵਿਚ ਫੱਟੜ ਹੋਏ 6 ਸਿੱਖਾਂ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ ਹੈ...........

Relatives while crying for Dead Sikh Peoples

ਨਵੀਂ ਦਿੱਲੀ :  ਅਫ਼ਗ਼ਾਨਿਸਤਾਨ ਆਤਮਘਾਤੀ ਹਮਲੇ ਵਿਚ ਫੱਟੜ ਹੋਏ 6 ਸਿੱਖਾਂ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ ਹੈ। ਨਾਲ ਹੀ ਹਮਲੇ ਵਿਚ ਬੇਰਿਹਮੀ ਨਾਲ ਮਾਰੇ ਗਏ 12 ਸਿੱਖਾਂ ਸਣੇ 1 ਹਿੰਦੂ ਦੀਆਂ ਅਸਥੀਆਂ ਵੀ ਪੁੱਜੀਆਂ ਹਨ ਜਿਨ੍ਹਾਂ ਨੂੰ ਇਥੋਂ ਦੇ ਗੁਰਦਵਾਰਾ ਗੁਰੂ ਅਰਜਨ ਦੇਵ ਜੀ, ਮਹਾਂਵੀਰ ਨਗਰ ਵਿਖੇ ਦੋ ਦਿਨ ਰੱਖਿਆ ਜਾਵੇਗਾ ਤਾਂ ਕਿ ਸੰਗਤ ਸ਼ਰਧਾ ਦੇ ਫੁੱਲ ਭੇਟ ਕਰ ਸਕੇ। ਪਿਛੋਂ ਕਿਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ।ਅਫ਼ਗਾਨਿਸਤਾਨ ਤੋਂ ਇਲਾਜ਼ ਲਈ ਗੁਰਮੀਤ ਸਿੰਘ, ਸਤਪਾਲ ਸਿੰਘ, ਮਨਿੰਦਰ ਸਿੰਘ, ਮਨਜੀਤ ਸਿੰਘ ਸਣੇ ਰਵਿੰਦਰ ਕੌਰ ਤੇ ਨਰਿੰਦਰਪਾਲ ਸਿੰਘ ਨੂੰ ਦਿੱਲੀ ਲਿਆਂਦਾ ਗਿਆ।

ਇਕਬਾਲ ਸਿੰਘ ਪਹਿਲਾਂ ਹੀ ਏਮਜ਼ ਵਿਖੇ ਜ਼ੇਰੇ ਇਲਾਜ਼ ਹੈ। ਅੱਜ ਇਥੋਂ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਹੌਂਸਲਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪੁੱਜੇ ਹੋਏ ਸਨ। ਇਸ ਮੌਕੇ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਫ਼ਗਾਨਿਸਤਾਨ ਹਮਲੇ ਵਿਚ ਮਾਰੇ ਗਏ ਸਿੱਖ ਆਗੂਆਂ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਪਰਵਾਰ ਡੂੰਘੇ ਸਦਮੇ ਵਿਚ ਹਨ।

ਉਨਾਂ੍ਹ ਦਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਫੱਟੜ ਅਫ਼ਗ਼ਾਨੀ ਸਿੱਖਾਂ ਦੇ ਇਲਾਜ਼ ਦੀ ਬੇਨਤੀ ਕੀਤੀ ਗਈ ਸੀ, ਜਿਸ ਪਿਛੋਂ ਅੱਜ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ ਹੈ। ਤੇ ਏਮਜ਼ ਵਿਖੇ ਸਾਰਿਆਂ ਦਾ ਇਲਾਜ਼ ਹੋਵੇਗਾ। ਫੱਟੜਾਂ ਦੇ ਇਲਾਜ਼ ਦਾ ਖਰਚ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਚੁਕਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਸ.ਪਰਮਜੀਤ ਸਿੰਘ ਰਾਣਾ ਸਣੇ ਹੋਰ ਸ਼ਾਮਲ ਸਨ।