ਬਰਗਾੜੀ ਮੋਰਚੇ ਲਈ ਵਿਦੇਸ਼ੀ ਸੰਗਤ ਦੇ 'ਵਿੱਤੀ ਹੁੰਗਰੇ' ਤੋਂ ਭਾਰਤੀ ਖ਼ੁਫ਼ੀਆ ਏਜੰਸੀਆਂ ਚਿੰਤਿਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਤਵਾਜ਼ੀ ਜਥੇਦਾਰਾਂ ਵਲੋਂ ਬਰਗਾੜੀ ਵਿਚ ਲਾਏ ਮੋਰਚੇ ਲਈ ਵਿਦੇਸ਼ੀ ਸਿਖ ਸੰਗਤ ਵਲੋਂ ਭਰਪੂਰ ਵਿੱਤੀ ਹੁੰਗਾਰਾ ਭਰਿਆ ਜਾ ਰਿਹਾ ਹੋਣ ਦੇ ਪ੍ਰਗਟਾਵਿਆਂ ਤੋਂ............

Indian Currency

ਚੰਡੀਗੜ੍ਹ : ਮੁਤਵਾਜ਼ੀ ਜਥੇਦਾਰਾਂ ਵਲੋਂ ਬਰਗਾੜੀ ਵਿਚ ਲਾਏ ਮੋਰਚੇ ਲਈ ਵਿਦੇਸ਼ੀ ਸਿਖ ਸੰਗਤ ਵਲੋਂ ਭਰਪੂਰ ਵਿੱਤੀ ਹੁੰਗਾਰਾ ਭਰਿਆ ਜਾ ਰਿਹਾ ਹੋਣ ਦੇ ਪ੍ਰਗਟਾਵਿਆਂ ਤੋਂ ਭਾਰਤੀ ਖ਼ੁਫ਼ੀਆ ਏਜੰਸੀਆਂ ਕਾਫੀ ਚਿੰਤਤ ਹਨ। ਮੀਡੀਆ ਪ੍ਰਗਟਾਵਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਪੰਜਾਬ ਅਤੇ ਵਿਦੇਸ਼ੀ ਸਿੱਖ ਸੰਗਤ 'ਚ ਅਪਣਾ ਪੰਥਕ ਆਧਾਰ ਖੁਸਦਾ ਵੇਖ ਫ਼ਿਕਰਮੰਦ ਹੋ ਗਿਆ ਹੈ। ਜਿਸ ਦੇ ਨੁਕਸਾਨ ਦੀ ਭਰਪਾਈ ਵਜੋਂ ਹੀ ਬੇਅੰਤ ਸਿੰਘ ਹਤਿਆ ਕੇਸ 'ਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਬਾਰੇ ਸ਼੍ਰੋਮਣੀ ਕਮੇਟੀ ਦੀ ਅਪੀਲ ਦਾ ਮੁੱਦਾ ਕੇਂਦਰ ਕੋਲ ਚੁਕ ਕੇ

ਪੰਥਕ ਸਿਆਸਤ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬਰਗਾੜੀ ਮੋਰਚੇ ਨੂੰ ਵਿਦੇਸ਼ੀ ਖ਼ਾਸ ਕਰ ਅਮਰੀਕਾ ਤੋਂ ਗਰਮਦਲੀਆਂ ਦੀ ਵਿੱਤੀ ਇਮਦਾਦ ਦੇ ਨਾਲ-ਨਾਲ ਅਕਾਲੀ ਦਲ (ਮਾਨ) ਤੇ ਕਾਂਗਰਸ ਦੇ ਵੱਡੇ ਆਗੂਆਂ ਵਲੋਂ ਵੀ ਅਪਣੀ ਜੇਬ 'ਚੋਂ ਸਹਾਇਤਾ ਦਿਤੀ ਗਈ ਹੋਣ ਦੇ ਹੋਏ ਪ੍ਰਗਟਾਵੇ ਨੇ ਅਕਾਲੀ ਦਲ ਨੂੰ ਸਿਆਸੀ ਤੌਰ 'ਤੇ ਵੀ ਚੌਕੰਨਾ ਕਰ ਦਿਤਾ ਹੈ। ਜਾਣਕਾਰ ਹਲਕਿਆਂ ਮੁਤਾਬਕ ਬਾਦਲ ਦਲ ਇਸ ਕਵਾਇਦ ਨੂੰ ਸ਼੍ਰੋਮਣੀ ਕਮੇਟੀ ਦੀ ਸਿਆਸਤ 'ਚ ਆਪਣੇ ਲਈ ਵੱਡੇ ਖ਼ਤਰੇ ਦੀ ਲਾਮਬੰਦੀ ਵਜੋਂ ਵੇਖ ਰਿਹਾ ਹੈ।

ਉਧਰ ਇਸ ਪ੍ਰਗਟਾਵੇ ਪਿੱਛੋਂ ਖ਼ੁਫ਼ੀਆ  ਏਜੰਸੀਆਂ ਹਰਕਤ ਵਿਚ ਆ ਗਈਆਂ ਹਨ। ਏਜੰਸੀਆਂ ਇਸ ਗੱਲ ਉਤੇ ਵਿਸ਼ੇਸ਼ ਤੌਰ 'ਤੇ ਨਜ਼ਰ ਰੱਖ ਰਹੀਆਂ ਹਨ ਕਿ ਇਸ ਫ਼ੰਡਿੰਗ ਵਿਚ ਕੌਣ-ਕੌਣ ਲੋਕ ਹਿੱਸਾ ਪਾ ਰਹੇ ਹਨ। ਪਤਾ ਲੱਗਾ ਹੈ ਕਿ ਏਜੰਸੀ ਹੱਥ ਇਕ ਲਿਸਟ ਲੱਗੀ ਹੈ। ਇਕ ਹਿੰਦੀ ਅਖ਼ਬਾਰ ਮੁਤਾਬਕ ਇਸ 'ਚ ਸਭ ਤੋਂ ਵੱਡੀ ਰਕਮ 3.10 ਲੱਖ ਰੁਪਏ, ਬਾਰੇ ਏਜੰੰਸੀਆਂ ਇਹ ਪਤਾ ਨਹੀਂ ਲਗਾ ਸਕੀਆਂ ਕਿ ਇਹ ਰਕਮ ਕਿਸ ਨੇ ਭੇਜੀ ਹੈ। 19 ਦਿਨ ਤੋਂ ਲਾਏ ਮੋਰਚੇ ਦੌਰਾਨ ਇਹ ਸਭ ਤੋਂ ਵੱਡੀ ਰਕਮ ਹੈ। ਲਿਸਟ ਵਿਚ ਵੀ ਇਸ ਨੂੰ ਅਮਰੀਕਾ ਦੀ ਸੰਗਤ ਵਲੋਂ ਭੇਜੀ ਰਕਮ ਵਜੋਂ ਦਰਸਾਇਆ ਗਿਆ ਹੈ।

ਦੱਸ ਦਈਏ ਕਿ ਮੁਤਵਾਜ਼ੀ ਜਥੇਦਾਰਾਂ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਹੈ। ਦਸਤਾਵੇਜ਼ਾਂ ਦੇ ਮੁਤਾਬਕ ਜਥੇਦਾਰਾਂ ਨੂੰ ਮੋਰਚਾ ਲਾਉਣ ਤੋਂ ਪਹਿਲਾਂ ਹੀ ਫੰਡਿੰਗ ਹੋਣੀ ਸ਼ੁਰੂ ਹੋ ਗਈ ਸੀ। 14 ਜੂਨ ਨੂੰ ਲੰਗਰ ਲਈ 11 ਹਜ਼ਾਰ ਰੁਪਏ ਪਟਿਆਲਾ ਦੇ ਰਹਿਣ ਵਾਲੇ ਹਰਬੰਸ ਸਿੰਘ, 17 ਜੂਨ ਨੂੰ ਬਾਬਾ ਸ਼ਿੰਦਰ ਸਿੰਘ ਫ਼ਤਿਹਗੜ੍ਹ ਸਵਰਾਵਾਂ ਨੇ 21 ਹਜ਼ਾਰ ਰੁਪਏ ਅਤੇ ਸੁਖਵਿੰਦਰ ਸਿੰਘ ਨਾਮ ਦੇ ਇਟਲੀ ਦੇ ਰਹਿਣ ਵਾਲੇ ਸ਼ਖ਼ਸ ਨੇ ਮੋਰਚੇ ਦੀ ਸਮਾਪਤੀ ਤੱਕ ਲੰਗਰ ਲਈ ਗੁਪਤ ਦਾਨ ਦੇਣ ਦਾ ਐਲਾਨ ਕੀਤਾ ਹੋਇਆ ਹੈ।

11 ਜੁਲਾਈ ਨੂੰ ਯੂਐਸਏ ਤੋਂ 3.10 ਲੱਖ ਰੁਪਏ ਜੋ ਕਿ 45 ਸੌ ਅਮਰੀਕੀ ਡਾਲਰ ਦੇ ਤੌਰ ਉਤੇ ਆਏ ਸਨ। ਇੰਟੈਲੀਜੈਂਸ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਇਹ ਪੈਸਾ ਅਮਰੀਕਾ ਬੈਠੇ ਗ਼ਰਮਖਿਆਲੀਆਂ ਨੇ ਤਾਂ ਨਹੀਂ ਭੇਜਿਆ। ਏਜੰਸੀ ਦੀ ਨਜ਼ਰ ਸਿੱਖ ਫਾਰ ਜਸਟਿਸ ਨਾਮੀ ਅਮਰੀਕੀ ਸੰਸਥਾ ਉਤੇ ਹੈ ਜੋ ਰਾਏਸ਼ੁਮਾਰੀ 2020 ਦੀ ਕਰਤਾ ਧਰਤਾ ਹੈ।

ਪੰਜਾਬ ਪੁਲਿਸ  ਦੇ ਇਕ ਸੀਨੀਅਰ ਅਫ਼ਸਰ ਨੇ ਇਸ ਬਾਰੇ ਆਪਣਾ ਨਾਮ ਨਾ ਛਾਪਣ ਦੀ ਹਦਾਇਤ ਨਾਲ ਦਸਿਆ ਕਿ ਇਸ ਸਬੰਧ 'ਚ ਪੜਤਾਲ ਕੀਤੀ ਜਾ ਰਹੀ ਹੈ। ਭਾਰਤੀ ਕਾਨੂੰਨ ਮੁਤਾਬਕ ਕੋਈ ਉਲੰਘਣਾ ਸਾਬਤ ਹੋਣ ਦੀ ਸੂਰਤ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉਂਝ ਮੋਟੇ ਤੌਰ ਉਤੇ ਉਹਨਾਂ ਅਜਿਹੀ ਕੋਈ ਗੁਪਤ ਜਾਣਕਾਰੀ ਖ਼ੁਫ਼ੀਆ ਵਿੰਗ ਦੇ ਹੱਥ ਲੱਗੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।