ਅਕਾਲ ਤਖ਼ਤ 'ਤੇ ਹਮਲੇ ਦਾ ਸੱਚ ਉਜਾਗਰ ਕਰਨ ਤਕ ਸੰਘਰਸ਼ ਜਾਰੀ ਰਹੇਗਾ: ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਕੇਂਦਰ ਅਤੇ ਸੂਬਾ ਸਰਕਾਰਾਂ ਮਤੇ ਪਾਸ ਕਰ ਕੇ ਹਰ ਜੂਨ ਮਹੀਨੇ ਅਕਾਲ ਤਖ਼ਤ ਦੇ ਹਮਲੇ ਦੀ ਯਾਦ ਨੂੰ ਤਾਜ਼ਾ ਕਰਨ ਲਈ ਪ੍ਰੋਗਰਾਮ ਉਲੀਕੇ

Dharmi Fouji

ਧਾਰੀਵਾਲ : ਜਨਰਲ ਡਾਇਰ ਦੀ ਅਗਵਾਈ ਹੇਠ ਬਰਤਾਨੀਆ ਸਰਕਾਰ ਵਲੋਂ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਵਾਲੇ ਬਾਗ਼ ਅੰਮ੍ਰਿਤਸਰ ਵਿਖੇ ਨਿਹਥੇ ਲੋਕਾਂ ਤੇ ਗੋਲੀਆਂ ਦੀ ਬੁਛਾੜ ਕੀਤੀ ਜਿਸ ਵਿਚ 379 ਲੋਕ ਮਾਰੇ ਗਏ,1200 ਲੋਕ ਜ਼ਖ਼ਮੀ ਹੋਏ ਅਤੇ 1650 ਰੋਂਦ ਚਲਾਏ ਆਦਿ ਸਾਰੇ ਤੱਥ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰ ਕੇ ਇਤਹਾਸ ਨੂੰ ਤਾਜ਼ਾ ਕਰਦਿਆਂ ਜਾਣੂ ਕਰਵਾਇਆ ਜਦਕਿ  35 ਸਾਲ ਬਾਅਦ ਵੀ ਜੂਨ 1984 ਵਿਚ ਅਕਾਲ ਤਖ਼ਤ 'ਤੇ ਫ਼ੌਜੀ ਹਮਲੇ ਦੇ ਸੱਚ ਅਤੇ ਤੱਥਾਂ ਨੂੰ ਸਬੂਤਾਂ ਸਹਿਤ ਸਿੱਖ ਕੌਮ ਸਾਹਮਣੇ  ਉਜਾਗਰ ਨਾ ਕਰ ਕੇ ਸਿੱਖ ਕੌਮ ਨਾਲ ਧਰੋਹ ਕੀਤਾ ਜਾ ਰਿਹਾ ਹੈ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਧਰਮੀ ਫ਼ੌਜੀਆਂ ਦਾ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਪਰ ਜਦ ਤਕ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਵਾਉਣ ਵਾਲਿਆਂ ਨੂੰ ਸਿੱਖ ਸੰਗਤਾਂ ਸਾਹਮਣੇ ਉਜਾਗਰ ਕਰ ਕੇ ਧਰਮੀ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਮਤੇ ਪਾਸ ਕਰ ਕੇ ਹਰ ਜੂਨ ਮਹੀਨੇ ਅਕਾਲ ਤਖ਼ਤ ਦੇ ਹਮਲੇ ਦੀ ਯਾਦ ਨੂੰ ਤਾਜ਼ਾ ਕਰਨ ਲਈ ਪ੍ਰੋਗਰਾਮ ਉਲੀਕਣ ਤਾਂ ਜੋ ਸ੍ਰੀ ਦਰਬਾਰ ਸਾਹਿਬ ਵਿਚ ਮਾਰੀਆਂ ਗਈਆਂ ਨਿਰਦੋਸ਼ ਸੰਗਤਾਂ ਬਾਰੇ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਜਾਣਕਾਰੀ ਹੋ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘ, ਪੰਜਾਬ ਪ੍ਰਧਾਨ ਮੇਵਾ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਹੀ, ਜ਼ਿਲ੍ਹਾ ਪ੍ਰਧਾਨ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।