'ਸੀਨੀਅਰ ਮੁਲਾਜ਼ਮਾਂ ਨੂੰ ਬਚਾ ਰਹੀ ਹੈ ਦਿੱਲੀ ਗੁਰਦਵਾਰਾ ਕਮੇਟੀ' 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਸਤਰੀ ਵਿੰਗ ਨੇ ਇਥੋਂ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਮੁਖ ਗੇਟ ਦੇ ਬਾਹਰ ਤਿੱਖਾ ਰੋਸ ਮੁਜ਼ਾਹਰਾ  ਕਰਦਿਆਂ ...

Women Protesting

ਨਵੀਂ ਦਿੱਲੀ: 22 ਮਈ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਸਤਰੀ ਵਿੰਗ ਨੇ ਇਥੋਂ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਮੁਖ ਗੇਟ ਦੇ ਬਾਹਰ ਤਿੱਖਾ ਰੋਸ ਮੁਜ਼ਾਹਰਾ  ਕਰਦਿਆਂ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਘਿਰੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਿੰਨ ਸੀਨੀਅਰ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਵੱਡੀ ਤਾਦਾਦ ਵਿਚ ਔਰਤ ਪੁਲਿਸ ਮੌਕੇ 'ਤੇ ਹਾਜ਼ਰ ਰਹੀ। ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਬੀਬੀਆਂ ਨੇ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਦੇ ਪਿਛਲੇ ਪਾਸਿਓਂ, ਜਿਥੇ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਦਿੱਲੀ ਦੇ ਦਫ਼ਤਰ ਹਨ,

ਤੋਂ ਰੋਸ ਮਾਰਚ ਸ਼ੁਰੂ ਕਰ ਕੇ,  ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ ਗੁਰੂ ਗੋਬਿੰਦ ਸਿੰਘ ਭਵਨ,  ਵੱਲ ਕੂਚ ਕਰ ਦਿਤਾ, ਪਰ ਪੁਲਿਸ ਨੇ ਸਾਰਿਆਂ ਨੂੰ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਮੁਖ ਗੇਟ ਦੇ ਬਾਹਰ ਹੀ ਰੋਕਾਂ ਲਾ ਕੇ, ਰੋਕ ਦਿਤਾ। ਰੋਹ ਵਿਚ ਆਈਆਂ ਬੀਬੀਆਂ ਨੇ 'ਮਨਜੀਤ ਸਿੰਘ ਜੀ.ਕੇ. ਬਾਹਰ ਆਓ', ਅਤੇ 'ਦੋਸ਼ੀਆਂ ਨੂੰ ਕਿਉਂ ਬਚਾਅ ਰਹੇ ਹੋ' ਦੇ ਨਾਹਰੇ ਲਾਏ ਤੇ ਹੱਥਾਂ ਵਿਚ ਮਨਜੀਤ ਸਿੰਘ ਜੀ.ਕੇ. ਅਸਤੀਫ਼ਾ ਦਿਉ' ਦੀਆਂ ਤਖ਼ਤੀਆਂ ਚੁਕੀਆਂ ਹੋਈਆਂ ਸਨ।

ਬੀਬੀਆਂ ਦੀ ਮੰਗ ਸੀ ਕਿ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਖ਼ੁਦ ਇਥੇ ਆ ਕੇ, ਮੰਗ ਪੱਤਰ ਲੈਣ, ਜਦ ਕਿ ਉਹ ਕਮੇਟੀ ਵਿਚ ਨਹੀਂ ਸਨ।ਇਸ ਵਿਚਕਾਰ ਵਾਰੋ ਵਾਰੀ ਪਹਿਲਾਂ ਦਿੱਲੀ ਕਮੇਟੀ ਮੈਂਬਰ ਸ.ਪਰਮਜੀਤ ਸਿੰਘ ਚੰਢੋਕ ਪੁੱਜੇ ਪਿਛੋਂ ਸ.ਜੀ.ਕੇ. ਦੇ ਨਿੱਜੀ ਸਹਾਇਕ ਸ.ਵਿਕਰਮ ਸਿੰਘ, ਪਰ ਦੋਵੇਂ ਵਾਰੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਤੇ ਹੋਰਨਾਂ ਨੇ ਇਨ੍ਹਾਂ ਨੂੰ ਮੰਗ ਪੱਤਰ ਦੇਣ ਤੋਂ ਮਨ੍ਹਾ ਕਰ ਦਿਤਾ ਤੇ ਜੀਕੇ ਨੂੰ ਹੀ ਮੰਗ ਪੱਤਰ ਦੇਣ 'ਤੇ ਅੜੀਆਂ ਰਹੀਆਂ। ਪਿਛੋਂ ਅੱਧਾ ਕੁ ਘੰਟਾ ਬੀਬੀਆਂ ਮੁੱਖ ਗੇਟ ਦੇ ਅੰਦਰ ਆ ਕੇ, ਕਮੇਟੀ ਦਫ਼ਤਰ ਨੂੰ ਜਾਂਦੇ ਰਾਹ ਵੱਲ ਨੂੰ ਧਰਨਾ ਮਾਰ ਕੇ ਬੈਠੀਆਂ ਰਹੀਆਂ।

 ਪਿਛੋਂ ਅਖ਼ੀਰ ਆਲਾ ਪੁਲਿਸ ਅਫ਼ਸਰਾਂ ਦੀ ਹਾਜ਼ਰੀ ਵਿਚ ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਨੇ ਕਮੇਟੀ ਦਫ਼ਤਰ ਦੇ ਬਾਹਰ ਨੋਟਿਸ ਬੋਰਡ 'ਤੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦੇ ਨਾਂਅ ਲਿਖਿਆ ਮੰਗ ਪੱਤਰ ਚਿਪਕਾ ਦਿਤਾ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ, 'ਜਦੋਂ ਦੋਸ਼ੀਆਂ ਵਿਰੁਧ ਨਾਰਥ ਐਵੇਨਿਊ ਥਾਣੇ ਵਿਚ ਦਰਜ ਐਫਆਈਆਰ ਦੀ ਪੜਤਾਲ ਅੱਜੇ ਪੂਰੀ ਨਹੀਂ ਹੋਈ ਤਾਂ ਕਿਉਂ ਇਨ੍ਹਾਂ ਨੂੰ ਬਹਾਲ ਕੀਤਾ ਗਿਆ ਹੈ, ਜੋ'ਮੁਲਾਜ਼ਮਾਂ ਦੇ ਨੌਕਰੀ ਬਾਰੇ ਨਿਯਮ 1092' ਦੀ ਸਿੱਧੀ ਉਲੰਘਣਾ ਹੈ।'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਮੀਤ ਕੌਰ ਵਾਲੀਆ ਨੇ ਦੋਸ਼ ਲਾਉਂਦਿਆਂ ਕਿਹਾ, ''ਆਖ਼ਰ ਕਿਉਂ ਸ.ਮਨਜੀਤ ਸਿੰਘ ਜੀ.ਕੇ. ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਘਿਰੇ ਹੋਏ ਜਨਰਲ ਮੈਨੇਜਰ ਸ.ਹਰਜੀਤ ਸਿੰਘ ਸੂਬੇਦਾਰ ਤੇ ਦੋ ਹੋਰਨਾਂ ਡਿਪਟੀ ਮੈਨੇਜਰਾਂ ਸ.ਸੁਖਵਿੰਦਰ ਸਿੰਘ ਤੇ ਸ.ਬਲਬੀਰ ਸਿੰਘ ਨੂੰ ਪਹਿਲਾਂ ਬਰਖ਼ਾਸਤ ਕਰ ਦਿਤਾ ਗਿਆ ਸੀ, ਫਿਰ 17 ਮਈ ਨੂੰ ਕਿਉਂ ਤਿੰਨਾਂ ਨੂੰ ਬਹਾਲ ਕਰ ਦਿਤਾ ਗਿਆ। ਧਾਰਮਕ ਸੰਸਥਾ ਦਾ ਵਕਾਰ ਕਿਉਂ ਰੋਲ ਰਹੋ ਹੋ?

ਜੇ ਦੋਸ਼ੀਆਂ ਨੂੰ ਨਹੀਂ ਬਚਾਉਂਦੇ ਤਾਂ ਹੁਣ ਨਾਨਕ ਪਿਆਉ ਗੁਰਦਵਾਰੇ ਵਿਚ ਇਕ ਹੋਰ ਸੇਵਾਦਾਰਨੀ ਨਾਲ ਛੇੜਛਾੜ ਦਾ ਮਾਮਲਾ ਨਾ ਵਾਪਰਦਾ।''
'ਸਪੋਕਸਮੈਨ' ਵਲੋਂ ਪੁੱਛੇ ਸਵਾਲ ਦੇ  ਜਵਾਬ ਵਿਚ ਬੀਬੀ ਵਾਲੀਆ ਨੇ ਕਿਹਾ, ''ਸੰਗਤ ਵਿਚ ਅਜਿਹੀਆਂ ਘਟਨਾਵਾਂ ਦਾ ਮਾੜਾ ਪ੍ਰਭਾਵ ਜਾ ਰਿਹਾ ਹੈ, ਪਰ ਜੀ.ਕੇ. ਪਤਾ ਨਹੀਂ ਕਿਸ ਦਬਾਅ ਅਧੀਨ ਦੋਸ਼ੀਆਂ ਨਾਲ ਖੜੇ ਹੋਏ ਹਨ।''ਪਿਛਲੇ ਦਿਨੀਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਵੀ ਦੋਸ਼ੀਆਂ ਨੂੰ ਬਚਾਉਣ ਲਈ ਜੀ.ਕੇ. ਨੂੰ ਆੜੇ ਹੱਥੀਂ  ਲਿਆ ਸੀ।