ਹਿੰਮਤ ਸਿੰਘ ਦੀ ਗਵਾਹੀ ਤੋਂ ਮੁਕਰਨ ਦੀ ਘਟਨਾ ਬਾਦਲਾਂ ਲਈ ਬਣੀ ਸ਼ਰਮਿੰਦਗੀ ਦਾ ਸਬੱਬ!
ਭਾਵੇਂ ਹਾਕਮਾਂ ਦੇ ਪ੍ਰਭਾਵ ਕਾਰਨ ਪ੍ਰਿੰਟ ਜਾਂ ਬਿਜਲਈ ਮੀਡੀਆ ਕੋਈ ਅਚੰਭੇ ਵਾਲੀ ਖ਼ਬਰ ਦਿਖਾਉਣ ਜਾਂ ਪ੍ਰਸਾਰਤ ਕਰਨ ਤੋਂ ਸੰਕੋਚ ਕਰ ਜਾਵੇ ਪਰ ਸੋਸ਼ਲ ਮੀਡੀਆ.............
ਕੋਟਕਪੂਰਾ : ਭਾਵੇਂ ਹਾਕਮਾਂ ਦੇ ਪ੍ਰਭਾਵ ਕਾਰਨ ਪ੍ਰਿੰਟ ਜਾਂ ਬਿਜਲਈ ਮੀਡੀਆ ਕੋਈ ਅਚੰਭੇ ਵਾਲੀ ਖ਼ਬਰ ਦਿਖਾਉਣ ਜਾਂ ਪ੍ਰਸਾਰਤ ਕਰਨ ਤੋਂ ਸੰਕੋਚ ਕਰ ਜਾਵੇ ਪਰ ਸੋਸ਼ਲ ਮੀਡੀਆ ਰਾਹੀਂ ਸੱਭ ਕੁੱਝ ਜਨਤਕ ਹੋ ਰਿਹਾ ਹੈ। ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿਤੀ ਗਈ ਅਪਣੀ ਗਵਾਹੀ ਤੋਂ ਮੁਕਰਨਾ ਅਕਾਲੀ ਦਲ ਬਾਦਲ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਿਹਾ ਹੈ। ਇਸ ਤੋਂ ਪਹਿਲਾਂ ਬੇਅਦਬੀ ਕਾਂਡ 'ਚ ਦੋ ਸਿੱਖ ਨੌਜਵਾਨਾਂ ਨੂੰ ਦੋਸ਼ੀ ਐਲਾਨ ਦੇਣ ਤੋਂ ਬਾਅਦ ਬਾਦਲਾਂ ਨੇ ਫ਼ੈਸਲਾ ਵਾਪਸ ਲਿਆ, ਸੌਦਾ ਸਾਧ ਨੂੰ ਬਾਦਲਾਂ ਦੇ ਕਹਿਣ 'ਤੇ ਤਖ਼ਤਾਂ ਦੇ ਜਥੇਦਾਰਾਂ ਨੇ ਪਹਿਲਾਂ ਮਾਫ਼ ਕਰ ਦਿਤਾ ਤੇ ਫਿਰ ਸੰਗਤ
ਦੇ ਦਬਾਅ ਕਾਰਨ ਫ਼ੈਸਲਾ ਵਾਪਸ ਲੈਣਾ ਪਿਆ, ਸੌਦਾ ਸਾਧ ਦੇ ਪ੍ਰੋਗਰਾਮਾਂ 'ਤੇ ਪਾਬੰਦੀ ਲਾਉਣੀ ਤੇ ਫਿਰ ਸ਼ੱਕੀ ਹਾਲਾਤ 'ਚ ਪਾਬੰਦੀ ਹਟਾ ਦੇਣ ਵਾਲੀਆਂ ਘਟਨਾਵਾਂ ਵੀ ਬਾਦਲ ਦੇ ਰਾਜ 'ਚ ਵਾਪਰੀਆਂ, ਬਾਦਲ ਸਰਕਾਰ ਮੌਕੇ ਸੌਦਾ ਸਾਧ ਦੀ ਫ਼ਿਲਮ ਉਪਰ ਪਾਬੰਦੀ ਤੇ ਫਿਰ ਪੰਜਾਬ 'ਚ ਫ਼ਿਲਮ ਚਲਾਉਣ ਦੀ ਆਗਿਆ ਦੇ ਦੇਣੀ, 14 ਅਕਤੂਬਰ ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣ ਦੇ ਬਾਵਜੂਦ ਨਿਰਦੋਸ਼ ਸੰਗਤਾਂ ਉਪਰ ਹੀ ਦੋ ਝੂਠੇ ਪੁਲਿਸ ਮਾਮਲੇ ਦਰਜ ਕਰਨੇ ਤੇ ਫਿਰ ਵਿਰੋਧ ਕਾਰਨ ਰੱਦ ਕਰ ਦੇਣ ਵਰਗੀਆਂ ਦਰਜਨਾਂ ਹੋਰ ਘਟਨਾਵਾਂ ਦਾ
ਜ਼ਿਕਰ ਕੀਤਾ ਜਾ ਸਕਦਾ ਹੈ ਪਰ ਹੁਣ ਜੇਕਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਅਪਣਾ ਸਟੈਂਡ ਬਦਲ ਲੈਣ ਅਤੇ ਕਹਾਣੀ ਨੂੰ ਹੋਰ ਮੋੜਾ ਦੇਣ ਦੀਆਂ ਕੋਸ਼ਿਸ਼ਾਂ ਕਰਨ ਸਬੰਧੀ ਜ਼ਿਕਰ ਕੀਤਾ ਜਾਵੇ ਤਾਂ ਹੁਣ ਵੀ ਅਕਾਲੀ ਦਲ ਬਾਦਲ ਲਈ ਇਹ ਘਟਨਾ ਦੁਖਦਾਇਕ ਅਤੇ ਸ਼ਰਮਨਾਕ ਸਿੱਧ ਹੁੰਦੀ ਜਾ ਰਹੀ ਹੈ, ਕਿਉਂਕਿ ਵਿਦੇਸ਼ਾਂ 'ਚ ਰੇਡੀਉ, ਟੀ.ਵੀ. ਅਤੇ ਅਖ਼ਬਾਰਾਂ ਰਾਹੀਂ ਚਲਦਾ ਆਜ਼ਾਦ ਅਤੇ ਨਿਰਪੱਖ ਸੋਚ ਰੱਖਣ ਵਾਲਾ ਮੀਡੀਆ ਇਸ ਘਟਨਾ ਨੂੰ ਬਰੀਕ ਛਾਣਨੀ 'ਚੋਂ ਛਾਣ ਰਿਹਾ ਹੈ ਜੋ ਸੋਸ਼ਲ ਮੀਡੀਏ ਰਾਹੀਂ ਹਰ ਪੰਜਾਬੀ ਤਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ।
ਇਸ ਘਟਨਾਕ੍ਰਮ 'ਚ ਡੂੰਘੀ ਦਿਲਚਸਪੀ ਰਖਣ ਵਾਲੇ ਵਿਦਵਾਨਾਂ ਦਾ ਦਾਅਵਾ ਹੈ ਕਿ ਨਾ ਤਾਂ ਹਿੰਮਤ ਸਿੰਘ ਇਸ ਮਾਮਲੇ 'ਚ ਕੋਈ ਮਹੱਤਵਪੂਰਨ ਗਵਾਹ ਸੀ ਤੇ ਨਾ ਹੀ ਉਸ ਨੇ ਕੋਈ ਮਹੱਤਵਪੂਰਨ ਜਾਣਕਾਰੀ ਕਮਿਸ਼ਨ ਨੂੰ ਮੁਹਈਆ ਕਰਵਾਈ ਸੀ ਪਰ ਹਿੰਮਤ ਸਿੰਘ ਦੇ ਮੁਕਰਨ ਦਾ ਕਾਰਨ ਬਾਦਲ ਦਲ ਅਤੇ ਗਿਆਨੀ ਗੁਰਮੁਖ ਸਿੰਘ ਦੋਵਾਂ ਲਈ ਕਈ ਅਜਿਹੇ ਸਵਾਲ ਪੈਦਾ ਕਰਦਾ ਹੈ, ਜਿਨ੍ਹਾਂ ਦਾ ਨੁਕਸਾਨ ਉਕਤਾਨ ਦੋਵਾਂ ਨੂੰ ਹੋਣਾ ਲਗਭਗ ਤੈਅ ਹੈ। ਦਰਅਸਲ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਹੂਬਹੂ ਉਹੀ ਬਿਆਨ ਦਰਜ ਕਰਵਾਇਆ ਸੀ,
ਜੋ ਉਸ ਦੇ ਵੱਡੇ ਭਰਾ ਗਿਆਨੀ ਗੁਰਮੁਖ ਸਿੰਘ ਨੇ ਪਿਛਲੇ ਸਾਲ ਫ਼ੇਸਬੁੱਕ 'ਤੇ ਲਾਈਵ ਹੋ ਕੇ ਦੁਨੀਆਂ ਨੂੰ ਦਸਿਆ ਸੀ ਜਿਸ ਵਿਚ ਗੁਰਮੁਖ ਸਿੰਘ ਨੇ ਸੁਖਬੀਰ ਬਾਦਲ ਉਤੇ ਸੌਦਾ ਸਾਧ ਨਾਲ ਗੰਡ-ਤੁੱਪ ਕਰ ਕੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਅਤੇ ਅਕਾਲ ਤਖ਼ਤ ਤੋਂ ਧੱਕੇ ਨਾਲ ਮਾਫ਼ੀ ਦਿਵਾਉਣ ਦੇ ਦੋਸ਼ ਲਾਏ ਸਨ। ਹਿੰਮਤ ਸਿੰਘ ਦੇ ਅਪਣੇ ਬਿਆਨ ਤੋਂ ਮੁਕਰਨ ਨਾਲ ਸਥਿਤੀ ਪੇਚੀਦਾ ਹੋ ਗਈ ਹੈ। ਕੀ ਗਵਾਹੀ ਮੁਕਰ ਕੇ ਹਿੰਮਤ ਸਿੰਘ ਸੱਚ ਬੋਲ ਰਿਹਾ ਹੈ ਜਾਂ ਪਹਿਲਾਂ ਗੁਰਮੁਖ ਸਿੰਘ ਸੱਚ ਬੋਲ ਰਿਹਾ ਸੀ? ਇਹ ਤਾਂ ਮੰਨਣਾ ਪਵੇਗਾ ਕਿ ਦੋਵਾਂ ਵਿਚੋਂ ਇਕ ਸੱਚ ਬੋਲ ਰਿਹਾ ਹੈ ਤੇ ਦੂਜਾ ਝੂਠ!
ਜੇਕਰ ਉਸ ਸਮੇਂ ਗੁਰਮੁਖ ਸਿੰਘ ਝੂਠ ਬੋਲ ਰਿਹਾ ਸੀ ਤਾਂ ਐਨੇ ਝੂਠੇ ਬੰਦੇ ਗੁਰਮੁਖ ਸਿੰਘ ਨੂੰ ਬਾਦਲਾਂ ਨੇ ਦੁਬਾਰਾ ਫਿਰ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਕਿਉਂ ਲਾਇਆ? ਜੇਕਰ ਉਸ ਸਮੇਂ ਗੁਰਮੁਖ ਸਿੰਘ ਸੱਚ ਬੋਲ ਰਿਹਾ ਸੀ ਤੇ ਉਸ ਦੀ ਸੱਚਾਈ ਨੂੰ ਬਰਦਾਸ਼ਤ ਨਾ ਕਰਦਿਆਂ ਬਾਦਲਾਂ ਨੇ ਤਖ਼ਤ ਦਮਦਮਾ ਸਾਹਿਬ ਦੀ 'ਜਥੇਦਾਰੀ' ਤੋਂ ਲਾਂਭੇ ਕਰ ਦਿਤਾ ਤੇ ਗਿਆਨੀ ਗੁਰਮੁਖ ਸਿੰਘ ਤੋਂ ਦੋ ਕਦਮ ਅੱਗੇ ਚਲਦਿਆਂ
ਹਿੰਮਤ ਸਿੰਘ ਨੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਸੱਚ ਰੱਖਣ ਦੀ ਜੁਰਅੱਤ ਦਿਖਾਈ ਤਾਂ ਹੁਣ ਉਹ ਘਟਨਾਵਾਂ ਆਮ ਵਰਤਾਰਾ ਨਹੀਂ ਮੰਨੀਆਂ ਜਾ ਸਕਦੀਆਂ। ਦੋਵੇਂ ਸਥਿਤੀਆਂ ਅਕਾਲੀ ਦਲ ਬਾਦਲ ਲਈ ਸੁਖਾਵੀਆਂ ਨਹੀਂ ਹਨ ਤੇ ਦੋਵੇਂ ਸਥਿਤੀਆਂ 'ਚ ਜਿਥੇ ਬਾਦਲ ਦਲ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ, ਉਥੇ ਲੋਕ ਉਨ੍ਹਾਂ ਤੋਂ ਸਖ਼ਤ ਅਤੇ ਤਿੱਖੇ ਸਵਾਲ ਵੀ ਪੁਛਣਗੇ।