'ਦਸਤਾਰ ਦਿਵਸ' ਮੌਕੇ ਵਾਟਰ ਫ਼ਰੰਟ ਟੌਰੰਗਾ ਵਿਖੇ ਲਗੀਆਂ ਖ਼ੂਬ ਰੌਣਕਾਂ, ਸਜੀਆਂ ਦਸਤਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਡੀ ਪਹਿਚਾਣ-ਸਾਡੀ ਦਸਤਾਰ

Wonderful, worn gloves at Waterfront Tauranga on 'Dastar Day'

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਅੱਜ ਦੂਜਾ ਸਲਾਨਾ 'ਦਸਤਾਰ ਦਿਵਸ' ਸਵੇਰੇ 11 ਵਜੇ ਤੋਂ 2 ਵਜੇ ਤੱਕ 'ਟੌਰੰਗਾ ਵਾਟਰ ਫਰੰਟ' ਉਤੇ ਮਨਾਇਆ ਗਿਆ। ਸਾਡੀ ਪਹਿਚਾਣ-ਸਾਡੀ ਦਸਤਾਰ ਦਾ ਸੁਨੇਹਾ ਦਿੰਦਾ ਇਹ ਛੋਟਾ ਜਿਹਾ ਉਦਮ ਉਦੋਂ ਅਪਣਾ ਉਦੇਸ਼ ਪੂਰਾ ਕਰ ਗਿਆ ਜਦੋਂ ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਅਪਣੇ ਸਿਰਾਂ ਉਤੇ ਦਸਤਾਰਾਂ ਸਜਾ ਕੇ ਖੁਸ਼ੀ ਪ੍ਰਗਟ ਕੀਤੀ। 

ਇਸ ਮੌਕੇ ਪਹੁੰਚੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਦਸਤਾਰਾਂ ਦੀ ਮਹੱਤਤਾ ਨੂੰ ਵਧਾਉਣ ਵਾਸਤੇ ਅਜਿਹੇ ਉਪਰਾਲਿਆਂ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਪਛਾਣ ਦਾ ਇਹ ਬਿਹਤਰੀਨ ਜ਼ਰੀਆ ਹਨ। ਆਨਰੇਰੀ ਕੌਂਸਲ ਸ੍ਰੀ ਭਵ ਢਿੱਲੋਂ ਨੇ ਵੀ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ। ਟੌਰੰਗਾ ਦੇ ਮੇਅਰ ਗ੍ਰੈਗ ਬ੍ਰਾਉਨਲੈਸ ਅਤੇ ਵੈਸਟਰਨ ਬੇਅ ਆਫ਼ ਪਲੈਂਟ ਦੇ ਮੇਅਰ ਗੈਰੀ ਵੈਬਰ ਨੇ ਵੀ ਉਥੇ ਪਹੁੰਚੀ ਸੰਗਤ ਨੂੰ ਸੰਬੋਧਨ ਕੀਤਾ।

ਆਲਾ ਪੁਲਿਸ ਅਫ਼ਸਰ ਤੇ ਕੌਂਸਲ ਮੈਂਬਰ ਵੀ ਇਸ ਮੌਕੇ ਖਾਸ ਤੌਰ 'ਤੇ ਪਹੁੰਚੇ। ਅਕਾਲ ਖ਼ਾਲਸਾ ਸਿੱਖ ਮਾਰਸ਼ਟ ਆਰਟ ਵਲੋਂ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੱਗਾਂ ਦੀ ਸੇਵਾ ਕੀਤੀ ਗਈ। ਅੰਦਾਜ਼ੇ ਮੁਤਾਬਕ 200 ਤੋਂ ਵੱਧ ਪੱਗਾਂ, ਕੇਸਕੀਆਂ ਅਤੇ ਦੁਮਾਲੇ ਸਿਰਾਂ 'ਤੇ ਸਜਾਈਆਂ ਗਈਆਂ। ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਪਰਚੇ ਵੀ ਵੰਡੇ ਗਏ। ਸ. ਪੂਰਨ ਸਿੰਘ ਨੇ ਵੀ ਆਈ ਸੰਗਤ ਦਾ ਧਨਵਾਦ ਕੀਤਾ ਅਤੇ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ। ਵਾਟਰ ਫ਼ਰੰਟ 'ਤੇ ਚਾਹ-ਪਾਣੀ ਅਤੇ ਚਾਵਲ-ਛੋਲਿਆਂ ਦਾ ਲੰਗਰ ਚਲਾਇਆ ਗਿਆ।