ਨਾਰਾਇਣ ਦਾਸ ਪੂਰੀ ਤਿਆਰੀ ਨਾਲ ਸਿੱਖ ਗ੍ਰੰਥਾਂ 'ਚੋਂ 'ਗ਼ਲਤੀਆਂ' ਲਭਦਾ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਸਾਧ ਭੇਖ ਧਾਰ ਕੇ ਅਪਣੇ ਮਿਸ਼ਨ 'ਤੇ ਲੱਗਾ ਰਿਹਾ...

SGPC

 ਗੁਰੂ ਨਿੰਦਕ ਨਾਰਾਇਣ ਦਾਸ ਦਾ ਮਾਮਲਾ ਦਿਨੋ ਦਿਨ ਨਿਤ ਨਵੇਂ ਇੰਕਸ਼ਫ ਹੋਣ ਕਰਕੇ ਧਾਰਮਿਕ ਤੇ ਰਾਜਨੀਤਕ ਆਗੂਆਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਸੂਤੀ ਸਥਿਤੀ ਵਿਚ ਉਲਝੇ ਮਹਿਸੂਸ ਹੋ ਰਹੇ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਕੇਸ ਵਿਚ ਕੋਈ ਵੀ ਦਬਾਵ ਝੱਲਣ ਲਈ ਤਿਆਰ ਨਹੀਂ। ਜਥੇਦਾਰ ਦੇ ਨੇੜੇ ਦੇ ਸੂਤਰਾਂ ਮੁਤਾਬਿਕ ਨਾਰਾਇਣ ਦਾਸ ਦੀ ਮੁਆਫੀ ਦਾ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੁੱਜ ਗਿਆ ਹੈ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਮਾਮਲੇ ਤੇ ਫੂਕ ਫੂਕ ਕੇ ਕਦਮ ਰੱਖ ਰਹੇ ਹਨ। ਇਸ ਸਾਰੇ ਮਾਮਲੇ ਤੇ ਤੇਜ਼ੀ ਨਾਲ ਕੰਮ ਕਰ ਰਹੀ ਸਮਝੌਤਾ ਬਿਰਗੇਡ ਨੇ ਜਥੇਦਾਰ ਤੇ ਦਬਾਅ ਬਣਾਇਆ ਹੋਇਆ ਹੈ ਕਿ ਸੇਵਾ ਲਾ ਕੇ ਸਾਧ ਨੂੰ ਮੁਆਫ ਕਰ ਦਿਤਾ ਜਾਵੇ ਪਰ ਗਿਆਨੀ ਗੁਰਬਚਨ ਸਿੰਘ ਪਿਛਲੇ ਕੁੱਝ ਮਾਮਲਿਆਂ ਨੂੰ ਲੈ ਕੇ ਹੋਏ ਤਲਖ਼ ਤਜਰਬੇ ਕਾਰਨ ਕੋਈ ਰਿਸਕ ਲੈਣ ਲਈ ਤਿਆਰ ਨਹੀਂ। ਜਾਣਕਾਰੀ ਮੁਤਾਬਿਕ ਜਥੇਦਾਰ ਨੇ ਇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਰਾਬਤਾ ਵੀ ਰੱਖਿਆ ਹੋਇਆ ਹੈ ਤਾਂ ਕਿ ਨਾਰਾਇਣ ਦਾਸ ਦੀ ਅਸਲੀਅਤ ਸਾਹਮਣੇ ਆ ਸਕੇ। 

ਉਧਰ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਧ ਨਾਰਾਇਣ ਦਾਸ ਦੀਆਂ ਸਿੱਖ ਰੈਫਰੈਂਸ ਲਾਇਬਰੇਰੀ ਵਿਚਲੀਆਂ ਫੇਰੀਆ ਦਾ ਪੂਰਾ ਰਿਕਾਰਡ ਫੋਲ ਲਿਆ ਗਿਆ ਹੈ। ਰੋਜ਼ਾਨਾ ਸਪੋਕਸਮੈਨ ਦੇ ਕੋਲ ਮੌਜੂਦ ਪੂਰੀ ਜਾਣਕਾਰੀ ਮੁਤਾਬਕ ਨਾਰਾਇਣ ਦਾਸ 26 ਜੁਲਾਈ 2011 ਨੂੰ ਨਰੇਸ਼ ਕਪੂਰ ਦੇ ਨਾਮ ਹੇਠ ਲਾਇਬਰੇਰੀ ਆਇਆ ਸੀ ਤੇ ਉਸ ਨੇ ਪ੍ਰੌਫੈਸਰ ਸਾਹਿਬ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਪੜਿਆ। ਲਾਇਬਰੇਰੀ ਦੇ ਇਕ ਅਧਿਕਾਰੀ ਮੁਤਾਬਿਕ ਨਾਰਾਇਣ ਦਾਸ ਕਾਫੀ ਲੰਮਾ ਸਮਾਂ ਇਸ ਟੀਕੇ ਨੂੰ ਪੜ੍ਹਦਾ ਰਿਹਾ ਤੇ ਉਸ ਵਿਚੋਂ ਨੋਟ ਲਿਖਦਾ ਰਿਹਾ।

ਇਸ ਫੇਰੀ ਸਮੇ ਉਸ ਨੇ ਆਪਣਾ ਪਤਾ ਸਿਰਫ ਅੰਮ੍ਰਿਤਸਰ ਦਸਿਆ ਸੀ। 6 ਅਗਸਤ 2011 ਨੂੰ ਨਾਰਾਇਣ ਦਾਸ ਫਿਰ ਲਾਇਬਰੇਰੀ ਆਇਆ ਸੀ । ਇਸ ਵਾਰ ਉਸ ਨੇ ਆਪਣਾ ਨਾਮ ਨਰੇਸ਼ ਕਪੂਰ ਪੁੱਤਰ ਓਮ ਪ੍ਰਕਾਸ਼ ਦੱਸਿਆ ਪਰ ਪਤੇ ਵਲੇਂ ਖਾਨੇ ਵਿਚ ਉਸ ਨੇ ਪਟਿਆਲਾ ਲਿਖਿਆ। ਇਸ ਵਾਰੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ ਦੇ ਹੀ ਨੋਟ ਲਿਖਦਾ ਰਿਹਾ। 20 ਜਨਵਰੀ 2012 ਨੂੰ ਨਾਰਾਇਣ ਦਾਸ ਫਿਰ ਨਰੇਸ਼ ਕੁਮਾਰ ਦੇ ਨਾਮ ਹੇਠ ਅੰਮ੍ਰਿਤਸਰ ਦਾ ਪਤਾ ਲਿਖ ਕੇ ਪੰਜਾਬੀ ਯੂਨੀਵਰਸਟੀ ਪਟਿਆਲਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਕਰਮਿਕਾ ਨਾਮਕ ਪੁਸਤਕ ਪੜ ਕੇ ਨੋਟਸ ਲਿਖਦਾ ਰਿਹਾ।

ਹੁਣ ਤਕ ਸਿੱਖ ਰੈਫਰੈਂਸ ਲਾਇਬਰੇਰੀ ਦੇ ਪ੍ਰਬੰਧਕਾਂ ਨੂੰ ਇਸ 'ਤੇ ਸ਼ੱਕ ਪੈ ਚੁੱਕਾ ਸੀ। ਨਾਰਾਇਣ ਦਾਸ ਨੂੰ ਵੀ ਮਹਿਸੂਸ ਹੋ ਚੁੱਕਾ ਸੀ ਕਿ ਉਸ ਦੀ ਅਸਲੀਅਤ ਸਾਹਮਣੇ ਆ ਗਈ ਹੈ। ਉਸ ਨੇ 16 ਮਾਰਚ 2013 ਨੂੰ ਲਾਇਬਰੇਰੀ ਆ ਕੇ ਅਪਣੇ ਪਤੇ ਵਿਚ ਅੰਮ੍ਰਿਤਸਰ ਦਾ ਪੂਰਾ ਪਤਾ ਲਿਖ ਦਿਤਾ। ਇਸ ਨੇ ਨਰੇਸ਼ ਕੁਮਾਰ ਵਾਸੀ 4174 ਛੋਟਾ ਹਰੀਪੁਰਾ ਅੰਮ੍ਰਿਤਸਰ ਲਿਖਿਆ ਤੇ ਕੁੱਝ ਅਖ਼ਬਾਰਾਂ ਵੇਖ ਕੇ ਚਲਾ ਗਿਆ। ਆਖ਼ਰੀ ਵਾਰ ਇਹ ਸਾਧ 13 ਮਾਰਚ 2015 ਨੂੰ ਲਾਇਬਰੇਰੀ ਆਇਆ ਹੁਣ ਤਕ ਇਹ ਕਲੀਨਸ਼ੇਵ ਵਿਅਕਤੀ ਸਾਧ ਦਾ ਰੂਪ ਧਾਰਨ ਕਰ ਚੁੱਕਾ ਸੀ।

ਨਰੇਸ਼ ਕਪੂਰ, ਨਰੇਸ਼ ਕੁਮਾਰ ਹੁਣ ਸੰਤ ਨਾਰਾਇਣ ਦਾਸ ਜੀ ਹੋ ਚੁਕਾ ਸੀ ਤੇ ਇਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪੋਥੀ ਲੈ ਕੇ ਉਸ ਵਿਚੋਂ ਲਿਖਦਾ ਰਿਹਾ। ਕੁੱਝ ਸੂਤਰ ਦਸਦੇ ਹਨ ਕਿ ਨਾਰਾਇਣ ਦਾਸ ਦਾ ਸਬੰਧ ਅੰਮ੍ਰਿਤਸਰ ਨਾਲ ਹੈ ਤੇ ਇਸ ਦੇ ਤਾਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਰਾਹੀਂ ਨਾਗਪੁਰ ਨਾਲ ਵੀ ਜੁੜਦੇ ਹਨ। ਚਰਚਿਤ ਵੀਡੀਉ ਵਿਚਲਾ ਇਸ ਦਾ ਭੇਖ ਸੰਸਥਾਨ ਦੇ ਸਾਧੂ ਵਾਲਾ ਹੈ। ਨਾਰਾਇਣ ਦਾਸ ਦੇ ਮਾਫ਼ੀਨਾਮੇ ਤੇ ਦਿਤਾ ਉਸ ਦਾ ਮੋਬਾਈਲ ਨੰਬਰ 9872183494 ਦਾ ਪਤਾ  ਵੀ ਅੰਮ੍ਰਿਤਸਰ ਦੇ ਮਕਾਨ ਨੰਬਰ 2088/12 ਕਟੜਾ ਮੋਤੀ ਰਾਮ ਨੇੜੇ ਲੋਹਗੜ੍ਹ ਗੇਟ ਅੰਮ੍ਰਿਤਸਰ ਦਾ ਹੈ। ਇਹ ਮੋਬਾਈਲ ਹੁਣ ਬੰਦ ਆ ਰਿਹਾ ਹੈ।