ਅਗਲੇ ਸਾਲ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਦੇਸ਼ 'ਚ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ : ਮੋਦੀ
ਸਮਾਜ ਨੂੰ ਸੱਚ, ਸੇਵਾ ਦਾ ਮਾਰਗ ਦਿਖਾਉਣ ਦੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ.........
ਨਵੀਂ ਦਿੱਲੀ : ਸਮਾਜ ਨੂੰ ਸੱਚ, ਸੇਵਾ ਦਾ ਮਾਰਗ ਦਿਖਾਉਣ ਦੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਅਗਲੇ ਸਾਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਵੱਡੇ ਪੱਧਰ 'ਤੇ ਮਨਾਏਗਾ ਅਤੇ ਇਸ ਦਾ ਰੰਗ ਦੇਸ਼ ਵਿਚ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਦੇਖਣ ਨੂੰ ਮਿਲੇਗਾ।
'ਮਨ ਕੀ ਬਾਤ' ਪ੍ਰੋਗਰਾਮ ਵਿਚ ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ,''ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਬਣਾਉਣ ਦਾ ਇਕ ਵੱਡਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ ਤਾਕਿ ਸਾਡੇ ਦੇਸ਼ ਦੇ ਸ਼ਰਧਾਲੂ ਆਸਾਨੀ ਨਾਲ ਪਾਕਿਸਤਾਨ ਸਥਿਤ ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕਣ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਦਿਨ ਪਹਿਲਾਂ 23 ਨਵੰਬਰ ਨੂੰ ਸਾਰਿਆਂ ਨੇ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਅਤੇ ਅਗਲੇ ਸਾਲ ਯਾਨੀ 2019 ਵਿਚ ਅਸੀ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਮਾਨਵਤਾ ਦੀ ਖ਼ੁਸ਼ਹਾਲੀ ਲਈ ਸੋਚਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਮਨਾਇਆ ਜਾਵੇਗਾ। ਇਸ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਪਵਿੱਤਰ ਸਥਾਨਾਂ ਦੇ ਮਾਰਗ 'ਤੇ ਇਕ ਰੇਲ ਗੱਡੀ ਵੀ ਚਲਾਈ ਜਾਵੇਗੀ। (ਪੀ.ਟੀ.ਆਈ)